ਦੋ ਬੈਂਕ ਖਾਤਿਆਂ ’ਚੋਂ 34 ਲੱਖ ਰੁਪਏ ਕਢਵਾਏ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਦਸੰਬਰ
ਅਸਾਮ ਅਤੇ ਪੱਛਮੀ ਬੰਗਾਲ ਨਾਲ ਸਬੰਧਤ 10 ਵਿਅਕਤੀਆਂ ਵੱਲੋਂ ਰਾਜਗੁਰੂ ਨਗਰ ਵਿੱਚ ਰਹਿੰਦੇ ਚਾਚੇ-ਭਤੀਜੇ ਦੇ ਬੈਂਕ ਖਾਤਿਆਂ ’ਚੋਂ ਲੱਖਾਂ ਰੁਪਏ ’ਚੋਂ ਧੋਖੇ ਨਾਲ ਲੱਖਾਂ ਰੁਪਏ ਕਢਵਾ ਲਏ ਗਏ। ਇਸ ਸਬੰਧੀ ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਜਤਿੰਦਰ ਸਿੰਘ ਚਾਵਲਾ ਪੁੱਤਰ ਸਤਨਾਮ ਸਿੰਘ ਚਾਵਲਾ ਵਾਸੀਰਾਜਗੁਰੂ ਨਗਰ ਨੇ ਦੱਸਿਆ ਕਿ ਉਸ ਦੇ ਫੋਨ ’ਤੇ ਵੱਖ ਵੱਖ ਕੰਪਨੀਆਂ ਤੋਂ ਮੈਸੇਜ ਅਤੇ ਓਟੀਪੀ ਆਉਣ ਲੱਗੇ ਅਤੇ ਉਸ ਦੇ ਅਤੇ ਉਸ ਦੇ ਭਤੀਜੇ ਦਪਿੰਦਰ ਸਿੰਘ ਦੇ ਖਾਤੇ ’ਚੋਂ ਕੁੱਲ 34 ਲੱਖ 68 ਹਜ਼ਾਰ ਰੁਪਏ ਕਢਵਾ ਲਏ ਗਏ। ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ 10 ਲੋਕਾਂ ਦੇ ਨਾਮ ਪਤਾ ਲੱਗੇ ਜੋ ਅਸਾਮ ਅਤੇ ਪੱਛਮੀ ਬੰਗਾਲ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਮਜਨੂਰ ਰਹਿਮਾਨ ਵਾਸੀ ਮੋਵਾਮਰੀ ਕਲਗਾਚੀਆ ਬਰਪੇਟਾ (ਅਸਾਮ), ਸਨਤ ਕੁਮਾਰ ਪਾਂਡੇ ਵਾਸੀ ਪਟਨਾ (ਬਿਹਾਰ), ਅਨੀਤ ਦਾਸ ਵਾਸੀ ਕਲਕੱਤਾ, ਹਸਨੈਨ ਆਲਮ ਵਾਸੀ (ਪੱਛਮੀ ਬੰਗਾਲ), ਸੋਫੀਕੁਲ ਇਸਲਾਮ ਵਾਸੀ ਅਸਾਮ, ਸਵਰੀਫੁਲ ਇਸਲਾਮ ਵਾਸੀ (ਤਾਮਿਲਨਾਡੂ), ਰਵੀ ਸ਼ੰਕਰ ਸ਼ਾਹ ਵਾਸੀ ਕ੍ਰਿਸ਼ਨਾਪੱਟੀ ਬਦੇਸ਼ਵਰ (ਪੱਛਮੀ ਬੰਗਾਲ), ਰਿੰਕੀ ਵਾਸੀ ਗ੍ਰਾਮ ਸਿਲਿੰਗ ਪੁਰਵਾਮਾਜਰਾ (ਯੂਪੀ), ਮੁਹੰਮਦ ਮਕਸੂਦ ਵਾਸੀ ਹਾਵੜਾ (ਪੱਛਮੀ ਬੰਗਾਲ) ਅਤੇ ਜਹੇਰੁਲ ਇਸਲਾਮ ਵਾਸੀ ਨਾਗਰਬੇਰਾ ਕਮਰਪੁਰ (ਅਸਾਮ) ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।