ਕੈਨੇਡਾ ਭੇਜਣ ਦੇ ਨਾਂ ’ਤੇ 33.60 ਲੱਖ ਠੱਗੇ, ਟਰੈਵਲ ਏਜੰਟ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 30 ਜੁਲਾਈ
ਕਮਿਸ਼ਨਰੇਟ ਪੁਲੀਸ ਨੇ ਇੱਕ ਪਰਿਵਾਰ ਨਾਲ 33.60 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤ ਬ੍ਰਹਮਜੀਤ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਪਤੀ ਅਤੇ ਪਰਿਵਾਰ ਸਮੇਤ ਕੈਨੇਡਾ ਜਾਣਾ ਚਾਹੁੰਦੀ ਸੀ। ਉਨ੍ਹਾਂ ਕੈਨੇਡਾ ਦੇ ਵੀਜ਼ੇ ਲਈ ਦੋ ਵਾਰ ਅਪਲਾਈ ਕੀਤਾ ਪਰ ਦੋਵਾਂ ਮੌਕਿਆਂ ’ਤੇ ਵੀਜ਼ੇ ਨਹੀਂ ਮਿਲੇ। ਉਸ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਸਥਿਤੀ ਦਾ ਫਾਇਦਾ ਚੁੱਕਦਿਆਂ ਹੁਸ਼ਿਆਰਪੁਰ ਦੇ ਟਰੈਵਲ ਏਜੰਟ ਕੁਲਵਿੰਦਰ ਸਿੰਘ ਚੀਮਾ ਨੇ ਬ੍ਰਹਮਜੀਤ ਸ਼ਰਮਾ ਨਾਲ ਸੰਪਰਕ ਕੀਤਾ ਅਤੇ ਕੈਨੇਡਾ ਪਹੁੰਚਾਉਣ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਹਾਲਾਂਕਿ, ਚੀਮਾ ਨੇ ਉਨ੍ਹਾਂ ਦੀ ਯਾਤਰਾ ਦੀ ਸਹੂਲਤ ਲਈ 40 ਲੱਖ ਰੁਪਏ ਦੀ ਰਕਮ ਦੀ ਮੰਗ ਕੀਤੀ। ਸ਼ਿਕਾਇਤ ਵਿੱਚ ਬ੍ਰਹਮਜੀਤ ਸ਼ਰਮਾ ਨੇ ਕਿਹਾ ਕਿ ਉਸ ਨੇ ਚੀਮਾ ’ਤੇ ਭਰੋਸਾ ਕੀਤਾ ਅਤੇ ਉਸ ਨੂੰ ਕਈ ਕਿਸ਼ਤਾਂ ਵਿਚ 33,60,000 ਰੁਪਏ ਦਿੱਤੇ ਜਦਕਿ ਚੀਮਾ ਨੇ ਲਗਭਗ 16,00,000 ਰੁਪਏ ਵਾਪਸ ਕਰ ਦਿੱਤੇ, ਪਰ ਉਹ ਬਾਕੀ ਰਕਮ ਵਾਪਸ ਕਰਨ ਵਿੱਚ ਅਸਫਲ ਰਿਹਾ ਅਤੇ ਨਾ ਉਸਨੇ ਉਨ੍ਹਾਂ ਨੂੰ ਕੈਨੇਡਾ ਦਾ ਵਾਅਦਾ ਕੀਤਾ ਵਿਜ਼ਟਰ ਵੀਜ਼ਾ ਲਵਾ ਕੇ ਦਿੱਤਾ। ਪੁਲੀਸ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਦੀਆਂ ਧਾਰਾਵਾਂ ਤੇ ਵੱਖ-ਵੱਖ ਧਾਰਾਵਾਂ ਤਹਿਤ ਰਾਮਾਮੰਡੀ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰ ਕੇ ਕੁਲਵਿੰਦਰ ਸਿੰਘ ਚੀਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਇੱਕ ਦਿਨਾ ਰਿਮਾਂਡ ਲਿਆ ਗਿਆ ਹੈ।