ਕੈਂਪ ਦੌਰਾਨ 32 ਵਿਅਕਤੀਆਂ ਵੱਲੋਂ ਖ਼ੂਨਦਾਨ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਦਸੰਬਰ
ਸਰਵ ਸਮਾਜ ਕਲਿਆਣ ਸੇਵਾ ਸਮਿਤੀ ਤੇ ਸ੍ਰੀ ਕ੍ਰਿਸ਼ਨ ਆਯੂਸ਼ ਯੂਨੀਵਰਸਿਟੀ ਦੀ ਸਾਂਝੀ ਅਗਵਾਈ ਹੇਠ ਯੂਨੀਵਰਸਿਟੀ ਦੇ ਆਯੁਰਵੇਦ ਅਧਿਐਨ ਤੇ ਖੋਜ ਸੰਸਥਾਨ ਵਿਖੇ ਮੁਨਸ਼ੀ ਲਾਲ ਸੈਣੀ ਦੀ ਯਾਦ ਵਿਚ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ 32 ਖੂਨਦਾਨੀਆਂ ਨੇ ਖੂਨ ਦਾਨ ਕੀਤਾ। ਕੈਂਪ ਵਿਚ ਸ੍ਰੀ ਕ੍ਰਿਸ਼ਨਾ ਆਯੂਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੈਦ ਕਰਤਾਰ ਸਿੰਘ ਧੀਮਾਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਤੇ ਸਮਿਤੀ ਦੇ ਸੂਬਾ ਪ੍ਰਧਾਨ ਰਮੇਸ਼ਵਰ ਸੈਣੀ ਨੇ ਪ੍ਰਧਾਨਗੀ ਕੀਤੀ। ਮੁੱਖ ਮਹਿਮਾਨ ਨੇ ਖੂਨ ਦਾਨੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਸਰਦੀ ਦੇ ਮੌਸਮ ਵਿਚ ਖੂਨਦਾਨ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਖੂਨ ਦਾਨ ਕਰਨ ਵਾਲੇ ਵਿਅਕਤੀ ਪਿੱਤ, ਨਾਲ ਸਬੰਧਤ ਬਿਮਾਰੀਆਂ ਜਿਵੇਂ ਕਿ ਦਾਦ, ਖੁਜਲੀ, ਚੰਬਲ ਤੇ ਚਿੱਟੇ ਕੁਸ਼ਟ ਰੋਗ ਤੋਂ ਪੀੜਤ ਨਹੀਂ ਹੁੰਦੇ। ਉਨ੍ਹਾਂ ਖੂਨ ਦਾਨ ਨੂੰ ਮਹਾਂਦਾਨ ਦੱਸਿਆ। ਡਾ. ਰਜਿੰਦਰ ਚੌਧਰੀ ਨੇ ਦੱਸਿਆ ਕਿ ਵੈਸੇ ਤਾਂ ਖੂਨ ਦਾਨ ਨੂੰ ਮਹਾਂਦਾਨ ਦੱਸਿਆ ਗਿਆ ਹੈ ਪਰ ਸਰਦ ਰੁੱਤ ਵਿਚ ਖੂਨਦਾਨ ਕਰਨ ’ਤੇ ਸਿਹਤ ਨੂੰ ਬਹੁਤ ਲਾਭ ਮਿਲਦੇ ਹਨ।
ਇਸ ਦੌਰਾਨ ਮੁੱਖ ਮਹਿਮਾਨ ਵੈਦ ਕਰਤਾਰ ਸਿੰਘ ਧੀਮਾਨ ਨੇ ਖੂਨਦਾਨੀਆਂ ਦੇ ਬੈਜ ਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਉਨ੍ਹਾਂ ਖੂਨਦਾਨੀਆਂ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਡਾ. ਸੁਰਿੰਦਰ ਸਹਿਰਾਵਤ, ਡਾ. ਅਰਵਿੰਦ ਕੁਮਾਰ, ਕਰਮਵੀਰ ਸੈਣੀ, ਤਰੁਣ ਵਧਵਾ, ਅਜੀਤ ਸੈਣੀ ਮੌਜੂਦ ਸਨ।