ਭਾਰਤ-ਮਿਆਂਮਾਰ ਸਰਹੱਦ ’ਤੇ ਵਾੜ ਲਾਉਣ ਲਈ ਖਰਚੇ ਜਾਣਗੇ 31 ਹਜ਼ਾਰ ਕਰੋੜ
ਨਵੀਂ ਦਿੱਲੀ, 18 ਸਤੰਬਰ
ਹਥਿਆਰਾਂ, ਗੋਲਾ ਬਾਰੂਦ ਅਤੇ ਨਸ਼ਿਆਂ ਦੀ ਤਸਕਰੀ ਲਈ ਜਾਣੀ ਜਾਂਦੀ 1,643 ਕਿਲੋਮੀਟਰ ਲੰਮੀ ਭਾਰਤ-ਮਿਆਂਮਾਰ ਸਰਹੱਦ ’ਤੇ 31,000 ਕਰੋੜ ਰੁਪਏ ਦੀ ਲਾਗਤ ਨਾਲ ਵਾੜ ਲਾਈ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਹੱਦ ਪਾਰੋਂ ਘੁਸਪੈਠ ਰੋਕਣ ਲਈ 30 ਕਿਲੋਮੀਟਰ ਖੇਤਰ ਵਿੱਚ ਕੰਡਿਆਲੀ ਤਾਰ ਲਾਉਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਇਸ ਨੂੰ ਹੀ ਮਨੀਪੁਰ ਵਿੱਚ ਨਸਲੀ ਹਿੰਸਾ ਦਾ ਮੂਲ ਕਾਰਨ ਦੱਸਿਆ। ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਭਾਰਤ ਅਤੇ ਮਿਆਂਮਾਰ ਵਿਚਾਲੇ 1,643 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ’ਤੇ ਲਗਪਗ 31,000 ਕਰੋੜ ਰੁਪਏ ਦੀ ਲਾਗਤ ਨਾਲ ਕੰਡਿਆਲੀ ਤਾਰ ਲਾਉਣ ਅਤੇ ਸੜਕ ਬਣਾਉਣ ਨੂੰ ਮਨਜ਼ੂਰੀ ਦਿੱਤੀ ਹੈ। ਮੋਰੇਹ ਨੇੜੇ 10 ਕਿਲੋਮੀਟਰ ਦੇ ਹਿੱਸੇ ਵਿੱਚ ਕੰਡਿਆਲੀ ਤਾਰ ਲਾਉਣ ਦਾ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ ਅਤੇ ਮਨੀਪੁਰ ਦੇ ਹੋਰ ਖੇਤਰਾਂ ਵਿੱਚ 21 ਕਿਲੋਮੀਟਰ ਦੀ ਸਰਹੱਦ ’ਤੇ ਵਾੜ ਲਾਉਣ ਦਾ ਕੰਮ ਚੱਲ ਰਿਹਾ ਹੈ। ਭਾਰਤ-ਮਿਆਂਮਾਰ ਦੀ ਸਰਹੱਦ ਮਨੀਪੁਰ, ਮਿਜ਼ੋਰਮ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ’ਚੋਂ ਲੰਘਦੀ ਹੈ। ਕੇਂਦਰ ਸਰਕਾਰ ਪਹਿਲਾਂ ਹੀ ‘ਭਾਰਤ-ਮਿਆਂਮਾਰ ਫਰੀ ਮੂਵਮੈਂਟ ਰਿਜਾਈਮ’ (ਐੱਫਐੱਮਆਰ) ਖ਼ਤਮ ਕਰ ਚੁੱਕੀ ਹੈ। ਇਹ ਵਿਵਸਥਾ ਸਰਹੱਦ ਨੇੜੇ ਰਹਿਣ ਵਾਲੇ ਲੋਕਾਂ ਨੂੰ ਬਿਨਾਂ ਕਿਸੇ ਦਸਤਾਵੇਜ਼ ਦੇ ਇੱਕ-ਦੂਜੇ ਦੇ ਖੇਤਰ ’ਚ 16 ਕਿਲੋਮੀਟਰ ਤੱਕ ਜਾਣ ਦੀ ਇਜਾਜ਼ਤ ਦਿੰਦੀ ਹੈ। -ਪੀਟੀਆਈ