ਚਲਦੇ ਟਰੱਕ ’ਚੋਂ 3 ਬੋਰੀਆਂ ਸਰ੍ਹੋਂ ਚੋਰੀ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 1 ਦਸੰਬਰ
ਇਥੋਂ ਦੇ ਪਿੰਡ ਘੁੱਕਿਆਂਵਾਲੀ ਨੇੜੇ ਪਿੰਡ ਪੰਨੀਵਾਲਾ ਮੋਟਾ-ਘੁੱਕਿਆਂਵਾਲੀ ਰੋਡ ’ਤੇ ਸਿਰਸਾ ਤੋਂ ਸੰਗਰੀਆ ਦੇ ਰਸਤੇ ਗੰਗਾਨਗਰ ਜਾ ਰਹੇ ਟਰੱਕ ’ਚੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਤਿੰਨ ਬੋਰੀਆਂ ਸਰ੍ਹੋਂ ਦੀਆਂ ਚੋਰੀ ਕਰ ਲਈਆਂ ਅਤੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜਿਵੇਂ ਹੀ ਟਰੱਕ ਪਿੰਡ ਪੰਨੀਵਾਲਾ ਮੋਟਾ ਤੋਂ ਥੋੜ੍ਹਾ ਅੱਗੇ ਨਿਕਲਿਆ ਤਾਂ ਮੋਟਰਸਾਈਕਲ ਸਵਾਰ 4-5 ਨੌਜਵਾਨਾਂ ਨੇ ਟਰੱਕ ਦਾ ਪਿੱਛਾ ਕੀਤਾ ਅਤੇ ਇੱਕ ਨੌਜਵਾਨ ਚੱਲਦੇ ਟਰੱਕ ’ਤੇ ਚੜ੍ਹ ਗਿਆ। ਉਸ ਨੌਜਵਾਨ ਨੇ ਟਰੱਕ ਦੇ ਉੱਪਰ ਜਾ ਕੇ ਰੱਸੀ ਢਿੱਲੀ ਕੀਤੀ ਅਤੇ ਇਕ-ਇਕ ਕਰਕੇ 6 ਬੋਰੀਆਂ ਹੇਠਾਂ ਸੜਕ ’ਤੇ ਸੁੱਟ ਦਿੱਤੀਆਂ। ਇਸੇ ਦੌਰਾਨ ਪਿੱਛੇ ਤੋਂ ਇੱਕ ਬੋਲੈਰੋ ਕਾਰ ਆਈ ਅਤੇ ਉਸ ਨੂੰ ਦੇਖ ਕੇ ਉਕਤ ਨੌਜਵਾਨ ਜੋ ਕਿ ਟਰੱਕ ’ਤੇ ਸਵਾਰ ਸੀ, ਉਸੇ ਤਰ੍ਹਾਂ ਹੇਠਾਂ ਆ ਕੇ ਬਾਈਕ ’ਤੇ ਸਵਾਰ ਹੋ ਗਿਆ ਪਰ ਟਰੱਕ ਡਰਾਈਵਰ ਨੂੰ ਇਸ ਦਾ ਪਤਾ ਵੀ ਨਹੀਂ ਲੱਗਾ। ਬੋਲੈਰੋ ਚਾਲਕ ੋਨੇ ਬੋਰੀਆਂ ਸਰ੍ਹੋਂ ਦੀਆਂ ਚੁੱਕ ਕੇ ਕਾਰ ’ਚ ਰੱਖ ਲਈਆਂ ਅਤੇ ਤਿੰਨ ਬੋਰੀਆਂ ਨੌਜਵਾਨ ਮੋਟਰਸਾਈਕਲ ’ਤੇ ਲੱਦ ਕੇ ਭੱਜ ਗਏ। ਫਿਰ ਬੋਲੈਰੋ ਚਾਲਕ ਨੇ ਟਰੱਕ ਦਾ ਪਿੱਛਾ ਕਰਕੇ ਪਿੰਡ ਘੁੱਕਿਆਂਵਾਲੀ ਕੋਲ ਰੋਕ ਕੇ ਸਾਰੀ ਘਟਨਾ ਉਸ ਨੂੰ ਦੱਸੀ ਅਤੇ ਤਿੰਨ ਬੋਰੀਆਂ ਸਰ੍ਹੋਂ ਦੀਆਂ ਡਰਾਈਵਰ ਦੇ ਹਵਾਲੇ ਕਰਕੇ ਅੱਗੇ ਨਿਕਲ ਗਿਆ। ਟਰੱਕ ਚਾਲਕ ਸ਼ੰਭੂ ਨਾਥ ਵਾਸੀ ਗੰਗਾਨਗਰ ਨੇ ਪੁਲੀਸ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ।