ਭਾਰਤੀ ਥਲ ਸੈਨਾ ’ਚ ਸ਼ਾਮਲ ਹੋਏ 297 ਅਫਸਰ
ਚੇਨੱਈ, 7 ਸਤੰਬਰ
ਚੇਨੱਈ ਦੀ ਆਫੀਸਰ ਟਰੇਨਿੰਗ ਅਕੈਡਮੀ (ਓਟੀਏ) ਵਿੱਚ ਅੱਜ ਸਮਾਗਮ ਦੌਰਾਨ 258 ਕੈਡੇਟ ਅਧਿਕਾਰੀ ਅਤੇ 39 ਮਹਿਲਾ ਕੈਡੇਟ ਅਧਿਕਾਰੀਆਂ ਨੂੰ ਭਾਰਤੀ ਥਲ ਸੈਨਾ ਦੀਆਂ ਵੱਖ ਵੱਖ ਇਕਾਈਆਂ ਤੇ ਸੇਵਾਵਾਂ ’ਚ ਸ਼ਾਮਲ ਕੀਤਾ ਗਿਆ। ਓਟੀਏ ਦੇ ਪਰਮੇਸ਼ਵਰਨ ਡਰਿੱਲ ਸਕੁਏਅਰ ’ਚ ਕਰਵਾਈ ਗਈ ਪਾਸਿੰਗ ਆਊਟ ਪਰੇਡ ਦੀ ਸਮੀਖੀਆ ਸੈਨਾ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਐੱਨਐੱਸ ਰਾਜ ਸੁਬਰਾਮਨੀ ਨੇ ਕੀਤੀ।
ਓਟੀਏ ਨੇ ਕਿਹਾ ਕਿ ਮਿੱਤਰ ਮੁਲਕਾਂ ਦੇ ਦਸ ਕੈਡੇਟ ਅਧਿਕਾਰੀਆਂ ਤੇ ਪੰਜ ਕੈਡੇਟ ਅਧਿਕਾਰੀਆਂ (ਮਹਿਲਾ) ਨੇ ਵੀ ਆਪਣੀ ਟਰੇਨਿੰਗ ਪੂਰੀ ਕੀਤੀ ਹੈ। ਮਿੱਤਰ ਮੁਲਕਾਂ ਦੇ ਕੈਡੇਟਾਂ ਦੀ ਟਰੇਨਿੰਗ ਦੀ ਕਾਮਯਾਬੀ ਨਾਲ ਕੌਮਾਂਤਰੀ ਸਰਹੱਦਾਂ ’ਤੇ ਸਦਭਾਵਨਾ ਤੇ ਸਹਿਯੋਗ ਦੀ ਭਾਵਨਾ ਨੂੰ ਉਤਸ਼ਾਹ ਮਿਲਿਆ ਹੈ। ਕੈਡੇਟ ਅਧਿਕਾਰੀ ਸੰਸਥਾ ’ਚ ‘ਸ਼ਾਰਟ ਸਰਵਿਸ ਕਮਿਸ਼ਨ ਕੋਰਸ’ ਦੇ 118ਵੇਂ ਬੈਚ ਅਤੇ ਸ਼ਾਰਟ ਸਰਵਿਸ ਕਮਿਸ਼ਨ ਕੋਰਸ (ਮਹਿਲਾ) ਦੇ 32ਵੇਂ ਬੈਚ ਅਤੇ ਹੋਰ ਇਸੇ ਤਰ੍ਹਾਂ ਦੇ ਕੋਰਸਾਂ ਨਾਲ ਸਬੰਧਤ ਸਨ। ਥਲ ਸੈਨਾ ਦੇ ਉਪ ਮੁਖੀ ਨੇ ਆਪਣੇ ਸੰਬੋਧਨ ਦੌਰਾਨ ਕੈਡੇਟ ਅਧਿਕਾਰੀਆਂ ਤੇ ਓਟੀਏ ਕਰਮੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। -ਪੀਟੀਆਈ