ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਰਗਿਲ ਜੰਗ ਦੇ 25 ਸਾਲ

08:34 AM Apr 08, 2024 IST

ਰਾਜੇਸ਼ ਰਾਮਚੰਦਰਨ

Advertisement

ਜੰਗ ਦੀ ਰਿਪੋਰਟਿੰਗ ਲਈ ਸਨਮਾਨ ਦੇ ਰੂਪ ’ਚ ਇਸ ਤੋਂ ਵੱਡਾ ਤਗ਼ਮਾ ਹੋਰ ਕੀ ਮਿਲੇਗਾ ਜਦ ਬੰਬ ਦੇ ਖੋਲ ਦੀ ਛਿਲਤਰ ਗੁਰਦੇ ਅਤੇ ਪੈਨਕਰਿਅਸ ਵਿਚਾਲੇ ਅਟਕ ਜਾਵੇ ਪਰ ਕਿਸੇ ਪੁਰਾਣੇ ਫ਼ੌਜੀ ਵਾਂਗ ਮੈਂ ਬੰਬ ਦੇ ਉਸ ਟੁਕੜੇ ਦੀ ਕਹਾਣੀ ਦੁਬਾਰਾ ਨਹੀਂ ਸੁਣਾਉਣਾ ਚਾਹਾਂਗਾ ਜਿਸ ਨੇ ਲਗਭਗ ਮੇਰੀ ਜਾਨ ਲੈ ਲਈ ਸੀ ਤੇ ਸਖ਼ਤ ਫੱਟੜ ਕਰ ਦਿੱਤਾ ਸੀ ਪਰ ਇਹ ਕਾਰਗਿਲ ਜੰਗ ਨੂੰ ਚੇਤੇ ਕਰਨ ਦਾ ਸਮਾਂ ਹੈ (ਜੇ ਅਸੀਂ ਇਸ ਨੂੰ ਜੰਗ ਕਹਿਣਾ ਚਾਹੀਏ)। ਕੁਝ ਕੁ ਹਫ਼ਤਿਆਂ ਨੂੰ ਅਸੀਂ ਚਰਵਾਹੇ ਤਾਸ਼ੀ ਨਮਗਿਆਲ ਵੱਲੋਂ ਬਟਾਲਿਕ ਪਰਬਤੀ ਰੇਂਜ ’ਤੇ ਪਾਕਿਸਤਾਨੀਆਂ ਨੂੰ ਪਠਾਣੀ ਪਹਿਰਾਵਿਆਂ ’ਚ ਬੰਕਰ ਪੁੱਟਦਿਆਂ ਦੇਖਣ ਦੀ 25ਵੀਂ ਵਰ੍ਹੇਗੰਢ ਮਨਾ ਰਹੇ ਹੋਵਾਂਗੇ।
ਕੀ ਹੁੰਦਾ ਜੇ ਨਮਗਿਆਲ ਬਿਮਾਰ ਹੋ ਗਿਆ ਹੁੰਦਾ ਜਾਂ ਉਸ ਦੀ ਲੱਤ ਟੁੱਟ ਗਈ ਹੁੰਦੀ? ਜੇ ਉਸ ਦੇ ਯਾਕ (ਪਸ਼ੂ) ਨਾ ਗੁਆਚੇ ਹੁੰਦੇ? (ਜਦ ਉਸ ਨੇ ਘੁਸਪੈਠ ਦੇਖੀ ਤਾਂ ਉਹ ਆਪਣੇ ਪਸ਼ੂ ਲੱਭ ਰਿਹਾ ਸੀ)। ਇਕ ਅਜਿਹੇ ਆਗੂ ਜਿਸ ਨੇ ਦੁਸ਼ਮਣ ਗੁਆਂਢੀ ਦੇ ਟੁਕੜੇ ਕਰ ਕੇ ਨਵਾਂ ਮੁਲਕ ਬਣਾਉਣ ਦੇ ਨਾਲ-ਨਾਲ ਦੱਖਣੀ ਏਸ਼ੀਆ ਦਾ ਨਕਸ਼ਾ ਵੀ ਨਵੇਂ ਸਿਰਿਓਂ ਵਾਹਿਆ ਸੀ, ਨੂੰ ਨੀਵਾਂ ਦਿਖਾਉਣ ਲਈ ਕੱਚਾਤਿਵੂ ਨੂੰ ਸਿਆਸੀ ਮੁੱਦਾ ਬਣਾਉਣ ਤੋਂ ਪਹਿਲਾਂ ਕੁਝ ਸਵਾਲ ਹਨ ਜਿਨ੍ਹਾਂ ’ਤੇ ਰਾਸ਼ਟਰੀ ਸੁਰੱਖਿਆ ਦੇ ਪੱਖ ਤੋਂ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਸੈਟੇਲਾਈਟ ਤਸਵੀਰਾਂ ਤੋਂ ਪਹਿਲਾਂ ਦੇ ਯੁੱਗ ’ਚ ਭਾਰਤੀ ਫ਼ੌਜ ਨੂੰ ਇਸ ਦੀ ਸਭ ਤੋਂ ਵੱਡੀ ਇੰਟੈਲੀਜੈਂਸ ਨਾਕਾਮੀ ਬਾਰੇ ਦੱਸਣ ਵਾਲਾ ਇਹ ਚਰਵਾਹਾ ਹੀ ਸੀ।
ਮਿਲਟਰੀ ਇੰਟੈਲੀਜੈਂਸ ਸਣੇ ਸਾਰੀਆਂ ਖ਼ੁਫੀਆ ਏਜੰਸੀਆਂ ਹਰ ਤਰੀਕੇ ਨਾਲ ਨਾਕਾਮ ਹੋਈਆਂ- ਅਨੁਮਾਨ, ਸ਼ਨਾਖ਼ਤ, ਬਚਾਅ ਜਾਂ ਇੱਥੋਂ ਤੱਕ ਕਿ ਇਕ ਵਾਰ ਚਰਵਾਹੇ ਵੱਲੋਂ ਘੁਸਪੈਠ ਬਾਰੇ ਦੱਸਣ ਤੋਂ ਬਾਅਦ ਵੀ ਘੁਸਪੈਠੀਆਂ ਦੀ ਸਹੀ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ। ਜੰਗ ਲੜਨ ਵਾਲੀ ਮਾਊਨਟਨ ਡਿਵੀਜ਼ਨ ਦੇ ਸਾਬਕਾ ਕਮਾਂਡਰ ਦਾ ਵੀ ਇਹੀ ਕਹਿਣਾ ਸੀ। ਚਹੁੰ ਪਾਸਿਓਂ ਖ਼ੁਫੀਆ ਤੰਤਰ ਦੀ ਇਸ ਨਾਕਾਮੀ ਨੂੰ ਨਾ ਤਾਂ ਮੰਨਿਆ ਗਿਆ ਤੇ ਨਾ ਹੀ ਕਿਸੇ ਨੂੰ ਸਜ਼ਾ ਮਿਲੀ। ਸੈਨਿਕ ਦ੍ਰਿਸ਼ਟੀ ਤੋਂ ਇਹ ਅਪਰੇਸ਼ਨ ਜ਼ੋਜੀ ਲਾ ਤੋਂ ਸ਼ੁਰੂ ਹੋ ਕੇ 200 ਕਿਲੋਮੀਟਰ ਪੂਰਬ ਵੱਲ ਮਸ਼ਕੋਹ-ਦਰਾਸ-ਕਾਰਗਿਲ-ਬਟਾਲਿਕ-ਤੁਰਤੁਕ ਦੀ ਧੁਰੀ ਤੱਕ ਦੇ ਇਲਾਕੇ ’ਚ ਸੀਮਤ ਸੀ ਜਿਸ ਦੇ ਕੇਂਦਰ ’ਚ ਬਟਾਲਿਕ ਤੇ ਦਰਾਸ ਸੈਕਟਰਾਂ ’ਚ ਤੋਲੋਲਿੰਗ, ਟਾਈਗਰ ਹਿੱਲ ਤੇ ਹੋਰਨਾਂ ਪਰਬਤੀ ਚੋਟੀਆਂ ’ਤੇ 5-12 ਕਿਲੋਮੀਟਰ ਤੱਕ ਦੇ ਇਲਾਕੇ ਵਿਚ ਹੋਈ ਘੁਸਪੈਠ ਸੀ।
ਹਵਾਈ ਅਪਰੇਸ਼ਨ ਭਾਰਤ ਵਾਲੇ ਪਾਸੇ ਕੰਟਰੋਲ ਰੇਖਾ (ਐੱਲਓਸੀ) ਤੱਕ ਹੀ ਸੀਮਤ ਸੀ। ਜਲ ਸੈਨਾ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਸੀ। ਦੂਜੇ ਅਰਥਾਂ ਵਿੱਚ ਇਹ ਕੋਈ ਸੰਪੂਰਨ ਜੰਗ ਨਹੀਂ ਸੀ। ਐੱਲਓਸੀ ਜਾਂ ਕੌਮਾਂਤਰੀ ਸਰਹੱਦ ਪਾਰ ਕੀਤੇ ਬਿਨਾਂ ਪਾਕਿਸਤਾਨੀਆਂ ਹੱਥੋਂ ਪਰਬਤੀ ਚੋਟੀਆਂ ਖਾਲੀ ਕਰਾਉਣ ਲਈ ਵੱਡੀ ਗਿਣਤੀ ਭਾਰਤੀਆਂ ਨੂੰ ਜਾਨ ਵਾਰਨੀ ਪਈ। ਘੁਸਪੈਠੀਆਂ ਨੇ ਭਾਰਤੀ ਖੇਤਰ ਦੇ ਵੱਡੇ ਹਿੱਸੇ ਨੂੰ ਅਤਿ-ਸੰਵੇਦਨਸ਼ੀਲ ਬਣਾ ਦਿੱਤਾ ਸੀ। ਕੌਮੀ ਰਾਜਮਾਰਗ 1-ਏ ਤੋਂ ਲੰਘ ਰਿਹਾ ਕੋਈ ਵੀ ਵਾਹਨ ਪਾਕਿਸਤਾਨ ਦੇ ਘੇਰੇ ’ਚ ਸੀ ਤੇ ਖਿੱਤੇ ਵਿਚ ਕਿਸੇ ਵੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਸੀ। ਹੁਣ ਤੱਕ ਵੀ ਪਾਕਿਸਤਾਨੀ ਟਰੋਲ ਦਾਅਵਾ ਕਰਦੇ ਹਨ ਕਿ ਪੁਆਇੰਟ 5353 ’ਤੇ ਕਬਜ਼ੇ ਨਾਲ ਉਨ੍ਹਾਂ ਨੂੰ ਇਲਾਕੇ ਦੀ ਰੂਪ-ਰੇਖਾ ਮਿਲ ਗਈ ਸੀ।
ਇਹ ਉਨ੍ਹਾਂ 559 ਸ਼ਹੀਦਾਂ ਦੇ ਬਲਿਦਾਨ ਦੀ ਗਾਥਾ ਹੈ ਜਿਨ੍ਹਾਂ ਕੀੜੀਆਂ ਵਾਂਗ ਪਹਾੜਾਂ ਦੀਆਂ ਚੋਟੀਆਂ ਸਰ ਕਰ ਕੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਪਾਕਿਸਤਾਨੀ, ਗੋਲੀਬਾਰੀ ਕੀਤੇ ਬਿਨਾਂ ਉਪਰੋਂ ਸਿਰਫ਼ ਪੱਥਰਾਂ ਨੂੰ ਰੋੜ੍ਹ ਕੇ ਇਨ੍ਹਾਂ ਦੀ ਜਾਨ ਲੈ ਸਕਦੇ ਸਨ, ਤੇ ਜੰਗ ਜਿ਼ਆਦਾਤਰ ਇਸੇ ਬਾਰੇ ਹੀ ਸੀ- ਸੈਨਿਕਾਂ ਦਾ ਅਸੰਭਵ ਜਾਪਦੇ ਪਹਾੜਾਂ ’ਤੇ ਚੜ੍ਹਨਾ। ਫਿਰ ਵੀ, ਜੇ ਭਾਰਤੀਆਂ ਨੇ ਪਰਬਤ ਚੜ੍ਹੇ, ਦੁਸ਼ਮਣ ਦਾ ਸਾਹਮਣਾ ਕੀਤਾ ਤੇ ਆਖ਼ਰੀ ਘੁਸਪੈਠੀਏ ਨੂੰ ਬਾਹਰ ਕੱਢਣ ਤੱਕ ਉਨ੍ਹਾਂ ਨਾਲ ਲੜੇ ਤਾਂ ਇਹ ਅਜਿਹੀ ਕਹਾਣੀ ਹੈ ਜਿਸ ਨੂੰ ਵਾਰ-ਵਾਰ ਦੱਸਿਆ ਜਾਣਾ ਚਾਹੀਦਾ ਹੈ। ਇਹ ਉਨ੍ਹਾਂ ਅਧਿਕਾਰੀਆਂ ਤੇ ਜਵਾਨਾਂ ਦੇ ਅਨੁਸ਼ਾਸਨ, ਇਕਜੁੱਟਤਾ ਅਤੇ ਮੁਲਕ ਪ੍ਰਤੀ ਉਨ੍ਹਾਂ ਦੀ ਮੁਕੰਮਲ ਵਚਨਬੱਧਤਾ ਦੀ ਦਾਸਤਾਨ ਹੈ ਜਿਨ੍ਹਾਂ ਬਹਾਦਰੀ ਨਾਲ ਆਪਣੀ ਜਾਨ ਦਾਅ ’ਤੇ ਲਾਈ।
ਕਾਰਗਿਲ ਦੀ ਦਾਸਤਾਨ ਬਿਆਨ ਕਰਨ ਵੇਲੇ ਉਸ ਸ਼ਖ਼ਸ ਦਾ ਨਿੱਜੀ ਤਜਰਬਾ ਜ਼ਰੂਰ ਆਉਣਾ ਚਾਹੀਦਾ ਹੈ ਜੋ ਤੋਲੋਲਿੰਗ ਰਿਜ ਖਾਲੀ ਕਰਾਉਣ ਅਤੇ ਮਗਰੋਂ ਟਾਈਗਰ ਹਿੱਲ ਨੂੰ ਕਬਜ਼ੇ ਵਿਚ ਲੈਣ ’ਚ ਸ਼ਾਮਲ ਸੀ। ਘੁਸਪੈਠੀਆਂ ਦੀ ਗਿਣਤੀ ਬਾਰੇ ਕੱਚਾ ਜਿਹਾ ਅੰਦਾਜ਼ਾ ਵੀ ਨਾ ਮਿਲਣ ਤੋਂ ਉਹ ਅਜੇ ਤੱਕ ਨਾਰਾਜ਼ ਹੈ, ਉਹ ਖਫ਼ਾ ਹੈ ਕਿ ਕਈ ਕਰੀਬੀ ਸਾਥੀਆਂ ਨੂੰ ਉਸ ਨੇ ਆਪਣੀਆਂ ਬਾਹਾਂ ਵਿਚ ਦਮ ਤੋੜਦਿਆਂ ਦੇਖਿਆ; ਉਸ ਨੂੰ ਇਸ ਗੱਲ ਦੀ ਵੀ ਨਾਰਾਜ਼ਗੀ ਹੈ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਤਿਆਰੀ ਦੇ ਜੰਗ ਵਿਚ ਧੱਕ ਦਿੱਤਾ ਗਿਆ, ਅਸਬਾਬ ਤੇ ਕਈ ਹੋਰ ਚੀਜ਼ਾਂ ਬਾਰੇ ਵੀ ਉਸ ਨੂੰ ਨਾਰਾਜ਼ਗੀ ਹੈ ਪਰ ਉਸ ਨੇ ਚੁੱਪ ਰਹਿਣ ਦਾ ਫ਼ੈਸਲਾ ਕੀਤਾ। ਗੁਜ਼ਰੇ 25 ਸਾਲਾਂ ਵਿਚ ਕਈ ਫਿ਼ਲਮਾਂ ਬਣਨ, ਕਈ ਕਿਤਾਬਾਂ ਤੇ ਲੇਖ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਕਾਰਗਿਲ ਦੀਆਂ ਕਈ ਅਜਿਹੀਆਂ ਕਹਾਣੀਆਂ ਹਨ ਜੋ ਅਜੇ ਤੱਕ ਕਹੀਆਂ ਨਹੀਂ ਗਈਆਂ।
ਇਸ ਵੀਰਵਾਰ ਇਕ ਬਰਤਾਨਵੀ ਅਖ਼ਬਾਰ ਨੇ ਪਾਕਿਸਤਾਨੀ ਅਤਿਵਾਦੀਆਂ ਨੂੰ ਉਨ੍ਹਾਂ ਦੇ ਮੁਲਕ ’ਚ ਹੀ ਮਾਰਨ ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਭਾਰਤੀ ਖ਼ੁਫੀਆ ਤੰਤਰ ਦੀ ਕਥਿਤ ਸ਼ਮੂਲੀਅਤ ਬਾਰੇ ਲਿਖਿਆ ਗਿਆ ਸੀ। ਪਾਕਿਸਤਾਨ ਦੇ ਉਸ ਵਿਸ਼ਵਾਸਘਾਤ ਬਾਰੇ ਵੀ ਅਜੇ ਬਹੁਤ ਕੁਝ ਕਿਹਾ ਜਾਣਾ ਬਾਕੀ ਹੈ ਜਦ ਉਨ੍ਹਾਂ ਕਾਰਗਿਲ ਘੁਸਪੈਠ ਦੀ ਸਰਗਰਮੀ ਨਾਲ ਯੋਜਨਾਬੰਦੀ ਕਰਦਿਆਂ 19 ਫਰਵਰੀ ਨੂੰ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੂੰ ਬੱਸ ਰਾਹੀਂ ਦੌਰੇ ਲਈ ਸੱਦਿਆ। ਵੱਖੋ-ਵੱਖਰੇ ਅਨੁਮਾਨਾਂ ਮੁਤਾਬਕ, ਘੁਸਪੈਠੀਆਂ ਦੀ ਗਿਣਤੀ 1500-5000 ਤੱਕ ਸੀ ਜੋ ਦਰਅਸਲ ਵੱਡਾ ਅਪਰੇਸ਼ਨ ਸੀ। ਕੁਝ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਐੱਲਓਸੀ ਦੇ ਭਾਰਤ ਵਾਲੇ ਪਾਸੇ ਪਾਕਿਸਤਾਨੀ ਅੱਠ ਹੈਲੀਪੈਡ ਬਣਾ ਰਹੇ ਸਨ।
1999 ਵਿੱਚ ਭਾਰਤ ਕੋਲ ਸਪਾਈ (ਜਾਸੂਸੀ) ਸੈਟੇਲਾਈਟ ਨਹੀਂ ਸਨ ਤੇ ਨਾ ਹੀ ਵਿਹਾਰਕ ਮਾਨਵੀ ਇੰਟੈਲੀਜੈਂਸ ਸੀ ਪਰ ਕੀ ਪੱਛਮੀ ਮੁਲਕਾਂ ਨੂੰ ਵੀ ਹੈਰਾਨੀ ਹੋਈ ਸੀ ਜਾਂ ਜਿਵੇਂ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਸੀ, ਇਨ੍ਹਾਂ ਨੇ ਲਾਹੌਰ ਐਲਾਨਨਾਮੇ ’ਤੇ ਸਹੀ ਪਾਉਣ ਲਈ ਭਾਰਤੀਆਂ ਨੂੰ ਬੱਸ ’ਚ ਲਿਜਾ ਰਹੇ ਪਾਕਿਸਤਾਨੀਆਂ ਨੂੰ ਦੇਖ ਕੇ ਵੀ ਅਣਡਿੱਠ ਕਰ ਦਿੱਤਾ ਸੀ? ਕੂਟਨੀਤੀ, ਜਾਸੂਸੀ ਤੇ ਅਪਰੇਸ਼ਨਲ ਕੁਸ਼ਲਤਾ ਬਾਰੇ ਸਵਾਲ ਪੁੱਛ ਕੇ ਉਨ੍ਹਾਂ ਕਮਜ਼ੋਰੀਆਂ ਤੋਂ ਪਰਦਾ ਚੁੱਕਣਾ ਚਾਹੀਦਾ ਹੈ ਜਿਨ੍ਹਾਂ ਭਾਰਤੀਆਂ ਨੂੰ 1947 ਤੋਂ ਇਕੋ ‘ਪਲੇਅਬੁਕ’ ਮੁਤਾਬਕ ਖੇਡੀਆਂ ਜਾ ਰਹੀਆਂ ਚਾਲਾਂ ’ਚ ਉਲਝਾਇਆ ਹੋਇਆ ਹੈ। ਪਾਕਿਸਤਾਨੀ ਸੈਨਾ ਜਿਸ ਨੇ ਅਕਤੂਬਰ 1947 ਵਿਚ ਕਬਾਇਲੀਆਂ ਦਾ ਬਹਾਨਾ ਬਣਾ ਕੇ ਜੰਮੂ ਕਸ਼ਮੀਰ ’ਤੇ ਹੱਲਾ ਬੋਲਿਆ ਸੀ, ਉਸੇ ਤਰ੍ਹਾਂ ਦੀ ਕੋਸ਼ਿਸ਼ 1965 ਵਿਚ ਵੀ ਕੀਤੀ।
1999 ਵਿੱਚ ਵੀ ਥੋੜ੍ਹੇ-ਬਹੁਤ ਫੇਰਬਦਲ ਨਾਲ ਤੌਰ-ਤਰੀਕੇ ਉਹੀ ਰਹੇ, ਇਕ ਤਰ੍ਹਾਂ ਨਾਲ ਪਾਕਿਸਤਾਨ ਦਾ ਰਣਨੀਤਕ ਟੀਚਾ ਜੰਮੂ ਕਸ਼ਮੀਰ ’ਤੇ ਸੈਨਿਕ ਦ੍ਰਿਸ਼ਟੀਕੋਣ ਤੋਂ ਕਬਜ਼ਾ ਕਰਨਾ ਨਹੀਂ ਸੀ ਜਿਸ ਬਾਰੇ ਉਨ੍ਹਾਂ ਨੂੰ ਪਤਾ ਵੀ ਹੈ ਕਿ 1971 ਦੀ ਜੰਗ ਤੋਂ ਬਾਅਦ ਇਹ ਸੰਭਵ ਨਹੀਂ ਰਿਹਾ ਪਰ ਉਨ੍ਹਾਂ ਦਾ ਅਸਲ ਮੰਤਵ ਸ਼ਾਂਤੀ ਦੀ ਕਿਸੇ ਵੀ ਕੋਸ਼ਿਸ਼ ਨੂੰ ਲੀਹੋਂ ਲਾਹੁਣਾ, ਭਾਰਤੀ ਸੈਨਾ ਦੀਆਂ ਕਮਜ਼ੋਰੀਆਂ ਤੋਂ ਪਰਦਾ ਚੁੱਕਣਾ ਅਤੇ ਜੰਮੂ ਕਸ਼ਮੀਰ ਮੁੱਦੇ ’ਤੇ ਇਸ ਦੀ ਸਾਖ਼ ਨੂੰ ਬੁਰੀ ਤਰ੍ਹਾਂ ਖ਼ਰਾਬ ਕਰਨਾ ਸੀ। ਹਾਲਾਂਕਿ ਨੌਜਵਾਨ ਫੌਜੀ ਅਧਿਕਾਰੀਆਂ ਤੇ ਹੋਰਨਾਂ ਸੈਨਿਕਾਂ ਨੇ 90 ਡਿਗਰੀ ’ਤੇ ਖੜ੍ਹੀਆਂ ਚੱਟਾਨਾਂ ਚੜ੍ਹੀਆਂ ਤੇ ਵਰ੍ਹਦੀਆਂ ਗੋਲੀਆਂ ’ਚ ਕਹਾਣੀ ਦਾ ਪਾਸਾ ਪਲਟਦਿਆਂ ਭਾਰਤੀਆਂ ਨੂੰ ਆਪਣੀ ਲੀਡਰਸ਼ਿਪ ’ਤੇ ਮਾਣ ਕਰਨ ਦਾ ਮੌਕਾ ਦਿੱਤਾ। ਫੌਰੀ ਤੌਰ ’ਤੇ ਇਸ ਦਾ ਸਿਆਸੀ ਨਤੀਜਾ ਚੋਣਾਂ ’ਚ ਵਾਜਪਈ ਦੀ ਜਿੱਤ ਸੀ ਜਿਸ ਤੋਂ ਬਾਅਦ ਉਹ ਪੂਰੇ ਪੰਜ ਸਾਲ ਮਜ਼ਬੂਤੀ ਨਾਲ ਸੱਤਾ ਵਿੱਚ ਰਹੇ।
ਸਿਆਸੀ ਤੌਰ ’ਤੇ ਇਹ ਭਾਜਪਾ ਦੀ ਅਤਿ-ਰਾਸ਼ਟਰਵਾਦੀ ਪਛਾਣ ਲਈ ਮਦਦਗਾਰ ਸਾਬਿਤ ਹੋਇਆ। ਜਸ਼ਨ ਦੇ ਰੌਲੇ-ਰੱਪੇ ’ਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਵੱਲੋਂ ਭਾਰਤੀ ਸੰਸਦ ਦੇ ਦੋਵਾਂ ਸਦਨਾਂ ’ਚ ਦਿੱਤਾ ਭਾਸ਼ਣ ਹਮੇਸ਼ਾ ਲਈ ਗੁਆਚ ਗਿਆ। 22 ਮਾਰਚ 2000 ਨੂੰ ਕਲਿੰਟਨ ਨੇ ਅੱਖੜ ਲਹਿਜ਼ੇ ’ਚ ਭਾਰਤੀ ਸੈਨਿਕਾਂ ਵੱਲੋਂ ਰੋਕੀ ਗਈ ਘੁਸਪੈਠ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ: “... ਕਿ ਅਮਰੀਕੀ ਕੂਟਨੀਤੀ ਨੇ ਕਾਰਗਿਲ ਸੰਕਟ ’ਚ ਪਾਕਿਸਤਾਨੀਆਂ ਨੂੰ ਵਾਪਸ ਐੱਲਓਸੀ ਤੋਂ ਪਿੱਛੇ ਜਾਣ ਲਈ ਰਾਜ਼ੀ ਕੀਤਾ ਹੈ।”
ਹਾਲੀਆ ਸਮਿਆਂ ’ਚ ਡੋਕਲਾਮ ਦੀ ਘੁਸਪੈਠ ਤੇ ਲੱਦਾਖ ਦਾ ਟਕਰਾਅ ਵੀ ਉਨ੍ਹਾਂ ਹੀ ਤੌਰ-ਤਰੀਕਿਆਂ ਦੇ ਵੱਖ-ਵੱਖ ਸਰੂਪ ਹਨ ਜਿਨ੍ਹਾਂ ਭਾਰਤ ਦੀਆਂ ਸਰਹੱਦਾਂ ’ਤੇ ਇਸ ਦੀਆਂ ਕਮਜ਼ੋਰੀਆਂ ਨੂੰ ਜ਼ਾਹਿਰ ਕੀਤਾ ਹੈ, ਤੇ ਇਨ੍ਹਾਂ ਉਤੇ ਚਰਚਾ ਲੋੜੀਂਦੀ ਹੈ।
*ਲੇਖਕ ‘ਦਿ ਟ੍ਰਿਬਿਊਨ’ ਦੇ ਐਡੀਟਰ-ਇਨ-ਚੀਫ ਹਨ।

Advertisement
Advertisement