ਹਿਮਾਚਲ ’ਚ ਬਣੀਆਂ 25 ਦਵਾਈਆਂ ਦੇ ਨਮੂਨੇ ਗ਼ੈਰਮਿਆਰੀ ਐਲਾਨੇ
ਸੋਲਨ (ਅੰਬਿਕਾ ਸ਼ਰਮਾ):
ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਅਤੇ ਵੱਖ ਵੱਖ ਸੂਬਿਆਂ ਵੱਲੋਂ ਹਿਮਾਚਲ ਪ੍ਰਦੇਸ਼ ’ਚ ਬਣੀਆਂ 25 ਦਵਾਈਆਂ ਦੇ ਨਮੂਨੇ ਗ਼ੈਰਮਿਆਰੀ ਐਲਾਨੇ ਗਏ ਹਨ। ਇਨ੍ਹਾਂ ’ਚ 11 ਟੀਕੇ ਸ਼ਾਮਲ ਹਨ ਅਤੇ ਇਹ ਦਵਾਈਆਂ 18 ਫਾਰਮਾਸਿਊਟੀਕਲਜ਼ ਇਕਾਈਆਂ ਵੱਲੋਂ ਤਿਆਰ ਕੀਤੀਆਂ ਗਈਆਂ ਸਨ। ਇਹ ਗਿਣਤੀ ਉਨ੍ਹਾਂ 70 ਦਵਾਈਆਂ ਦੇ ਨਮੂਨਿਆਂ ’ਚ ਸ਼ਾਮਲ ਹਨ ਜਿਹੜੀਆਂ ਮਿਆਰੀ ਗੁਣਵੱਤਾ ’ਤੇ ਖਰੀ ਨਹੀਂ ਉਤਰੀਆਂ ਹਨ। ਇਹ ਦਵਾਈਆਂ ਬੱਦੀ, ਨਾਲਾਗੜ੍ਹ, ਪਾਉਂਟਾ ਸਾਹਿਬ, ਕਾਲਾ ਅੰਬ, ਸੋਲਨ ਅਤੇ ਕਾਂਗੜਾ ’ਚ ਬਣਾਈਆਂ ਗਈਆਂ ਸਨ। ਹੋਰ ਸੂਬਿਆਂ ਵੱਲੋਂ ਕੀਤੀ ਗਈ ਜਾਂਚ ’ਚ ਤਿੰਨ ਦਵਾਈਆਂ ਦੇ ਨਮੂਨੇ ਵੀ ਗ਼ੈਰਮਿਆਰੀ ਨਿਕਲੇ ਹਨ। ਗ਼ੈਰਮਿਆਰੀ ਟੀਕਿਆਂ ’ਚ ਓਕਸੀਟੋਸਿਨ, ਕੈਲਸ਼ੀਅਮ ਗਲੂਕੋਨੇਟ, ਪ੍ਰੋਮਿਥਾਜ਼ਾਈਨ ਹਾਈਡਰੋਕਲੋਰਾਈਡ, ਸੇਲੋਫੋਸ 1,000, ਕੇਫਜ਼ੋਨ-ਐੱਸ, ਕਾਸਿਡਟਾਜ਼-ਪੀ ਅਤੇ ਨਿਊਰੋਫੋਨਸ 2,500 ਸ਼ਾਮਲ ਹਨ। ਹੋਰ ਗ਼ੈਰਮਿਆਰੀ ਦਵਾਈਆਂ ’ਚ ਨਿਊਰੋਟੇਮ-ਐੱਨਟੀ, ਪੈਰਾਸਿਟਾਮੋਲ ਆਦਿ ਸ਼ਾਮਲ ਹਨ। ਸੂਬੇ ਦੇ ਡਰੱਗਜ਼ ਕੰਟਰੋਲਰ ਮਨੀਸ਼ ਕਪੂਰ ਨੇ ਕਿਹਾ ਕਿ ਉਹ ਕੰਪਨੀਆਂ ਦੀ ਨਿਯਮਤ ਜਾਂਚ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਾਲਾਗੜ੍ਹ ਦੀ ਇਕ ਕੰਪਨੀ ’ਚ ਦਵਾਈਆਂ ਦਾ ਉਤਪਾਦਨ ਰੋਕ ਦਿੱਤਾ ਗਿਆ ਹੈ।