ਭਾਰਤ ਤੇ ਜਪਾਨ ਵੱਲੋਂ ‘2+2’ ਮੰਤਰੀ ਪੱਧਰ ਦੀ ਗੱਲਬਾਤ
ਨਵੀਂ ਦਿੱਲੀ, 20 ਅਗਸਤ
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ-ਜਪਾਨ ਭਾਈਵਾਲੀ ਮੁਕਤ, ਮੋਕਲੇ ਤੇ ਨਿਯਮ ਅਧਾਰਿਤ ਹਿੰਦ-ਪ੍ਰਸ਼ਾਂਤ ਦੇ ਵੱਡੇ ਪ੍ਰਸੰਗ ਵਿਚ ਬਹੁਤ ਅਹਿਮ ਹੈ। ਚੀਨ ਵੱਲੋਂ ਹਿੰਦ-ਪ੍ਰਸ਼ਾਂਤ ਖਿੱਤੇ ਵਿਚ ਆਪਣੀਆਂ ਫੌਜੀ ਮਸ਼ਕਾਂ ਵਧਾਉਣ ਦਰਮਿਆਨ ਭਾਰਤ ਤੇ ਜਪਾਨ ਨੇ ਅੱਜ ‘2 2’ ਮੰਤਰੀ ਪੱਧਰ ਦੀ ਗੱਲਬਾਤ ਕੀਤੀ।
ਸੰਵਾਦ ਲਈ ਦਿੱਲੀ ਪੁੱਜੇ ਜਪਾਨੀ ਵਫ਼ਦ ਵਿਚ ਵਿਦੇਸ਼ ਮੰਤਰੀ ਯੋਕੋ ਕਾਮੀਕਾਵਾ ਤੇ ਰੱਖਿਆ ਮੰਤਰੀ ਕਿਹਾਰਾ ਮਿਨੋਰੂ ਸ਼ਾਮਲ ਸਨ। ਭਾਰਤੀ ਟੀਮ ਦੀ ਅਗਵਾਈ ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਜੈਸ਼ੰਕਰ ਨੇ ਟੈਲੀਵਿਜ਼ਨ ’ਤੇ ਪ੍ਰਸਾਰਿਤ ਆਪਣੀ ਸ਼ੁਰੂਆਤੀ ਟਿੱਪਣੀ ਵਿਚ ਕਿਹਾ, ‘‘ਪਿਛਲੇ ਇਕ ਦਹਾਕੇ ਵਿਚ ਸਾਡੇ ਰਿਸ਼ਤੇ ਨੇ ਵਿਸ਼ੇਸ਼ ਰਣਨੀਤਕ ਤੇ ਆਲਮੀ ਭਾਈਵਾਲੀ ਦਾ ਰੂਪ ਲਿਆ ਹੈ। ਇਸ ਵਿਕਾਸ ਪਿਛਲਾ ਤਰਕ ਸਾਡੇ ਵਿਗਸਦੇ ਹਿੱਤ ਤੇ ਵਧਦੀਆਂ ਸਰਗਰਮੀਆਂ ਹਨ।’’ ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਰਣਨੀਤਕ ਭਾਈਵਾਲੀ ਅੱਗੋਂ ਵੀ ਇਸੇ ਤਰ੍ਹਾਂ ਵਧੇਗੀ ਕਿਉਂਕਿ “ਅਸੀਂ ਆਪਸੀ ਸਾਂਝ ਨੂੰ ਅਪਣਾਉਂਦੇ ਹਾਂ ਅਤੇ ਸੰਵੇਦਨਸ਼ੀਲਤਾ ਦਿਖਾਉਂਦੇ ਹਾਂ।’’ -ਪੀਟੀਆਈ