ਪਟਿਆਲਾ ਵਿੱਚ 21ਵੀਂ ਪਸ਼ੂਧਨ ਗਣਨਾ ਜਾਰੀ
ਖੇਤਰੀ ਪ੍ਰਤੀਨਿਧ
ਪਟਿਆਲਾ, 26 ਦਸੰਬਰ
ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪਟਿਆਲਾ ਵਿੱਚ 21ਵੀਂ ਪਸ਼ੂਧਨ ਗਣਨਾ ਜਾਰੀ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਇਸ ਗਣਨਾ ਦੌਰਾਨ ਕੁੱਲ 16 ਵੱਖ-ਵੱਖ ਨਸਲਾਂ ਦੇ ਪਸ਼ੂਆਂ ਅਤੇ ਪੋਲਟਰੀ ਦੀ ਗਿਣਤੀ ਕੀਤੀ ਜਾ ਰਹੀ ਹੈ। ਇਹ ਪਹਿਲੀ ਵਾਰ ਹੈ ਕਿ ਗਣਨਾ ਵਿੱਚ ਪਸ਼ੂ ਪਾਲਣ ਕਿੱਤੇ ਵਿੱਚ ਮਹਿਲਾਵਾਂ ਦੀ ਭੂਮਿਕਾ ਨੂੰ ਵੀ ਦਰਜ ਕੀਤਾ ਜਾ ਰਿਹਾ ਹੈ। ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਨੇ ਪਸ਼ੂਧਨ ਗਣਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2019 ਤੋਂ ਬਾਅਦ ਦੂਜੀ ਵਾਰ ਇਹ ਗਣਨਾ ਡਿਜੀਟਲ ਰੂਪ ਵਿੱਚ ਕੀਤੀ ਜਾ ਰਹੀ ਹੈ, ਜਿਸ ਵਿੱਚ ਪਸ਼ੂਧਨ ਦੀਆਂ ਨਸਲਾਂ ਅਤੇ ਹੋਰ ਵਿਸ਼ੇਸ਼ਤਾਵਾਂ ਸਮੇਤ ਡਾਟਾ ਇਕੱਠਾ ਕਰਨ ਲਈ ਮੋਬਾਈਲ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਆਪਕ ਖੇਤਰੀ ਸਰਵੇਖਣ ਨੂੰ ਪੂਰਾ ਕਰਨ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 22 ਸੁਪਰਵਾਈਜ਼ਰ ਅਤੇ 111 ਗਿਣਤੀਕਾਰ ਤਾਇਨਾਤ ਕੀਤੇ ਗਏ ਹਨ। ਇਹ ਗਿਣਤੀਕਾਰ ਲਗਭਗ ਜ਼ਿਲ੍ਹੇ ਦੇ 1225 ਪਿੰਡਾਂ ਅਤੇ 165 ਵਾਰਡਾਂ ਵਿੱਚ ਘਰਾਂ ਦਾ ਦੌਰਾ ਕਰ ਰਹੇ ਹਨ। ਡਿਪਟੀ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਪਾਲਤੂ ਕੁੱਤਿਆਂ ਦੀ ਵੀ ਉਨ੍ਹਾਂ ਦੀ ਨਸਲ ਦੇ ਆਧਾਰ ’ਤੇ ਗਿਣਤੀ ਕੀਤੀ ਜਾ ਰਹੀ ਹੈ। ਪਹਿਲੀ ਵਾਰ ਗਊਸ਼ਾਲਾਵਾਂ ਵਿੱਚ ਪਸ਼ੂਆਂ ਅਤੇ ਖ਼ਾਨਾਬਦੋਸ਼ ਕਬੀਲਿਆਂ ਵੱਲੋਂ ਪਾਲੇ ਜਾ ਰਹੇ ਪਸ਼ੂਆਂ ਨੂੰ ਵੱਖਰੇ ਤੌਰ ’ਤੇ ਗਿਣਿਆ ਜਾ ਰਿਹਾ ਹੈ।