2025 ਰੱਖਿਆ ਸੁਧਾਰਾਂ ਦਾ ਸਾਲ: ਟੀਚਾ ਹਾਸਲ ਕਰਨ ਵਿਚ ਡੀਆਰਡੀਓ ਦੀ ਅਹਿਮ ਭੂਮਿਕਾ ਹੋਵੇਗੀ: ਰਾਜਨਾਥ
ਨਵੀਂ ਦਿੱਲੀ, 2 ਜਨਵਰੀ
ਭਾਰਤੀ ਫੌਜ ਦੀ ਕਾਇਆਕਲਪ ਤੇ ਇਸ ਨੂੰ ਤਕਨੀਕੀ ਤੌਰ ’ਤੇ ਆਧੁਨਿਕ ਫੋਰਸ ਬਣਾਉਣ ਦੇ ਇਰਾਦੇ ਨਾਲ 2025 ਨੂੰ ਰੱਖਿਆ ਸੁਧਾਰਾਂ ਦਾ ਸਾਲ ਐਲਾਨੇ ਜਾਣ ਤੋਂ ਇਕ ਦਿਨ ਮਗਰੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਵਿਚ ਡੀਆਰਡੀਓ ਦੀ ‘ਅਹਿਮ ਭੂਮਿਕਾ’ ਰਹੇਗੀ। ਰੱਖਿਆ ਮੰਤਰੀ ਨੇ ਅੱਜ ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀਆਰਡੀਓ) ਦੇ 67ਵੇਂ ਸਥਾਪਨਾ ਦਿਵਸ ਮੌਕੇ ਸੰਸਥਾ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ ਤੇ ਇਸ ਦੌਰਾਨ ਸੀਨੀਅਰ ਵਿਗਿਆਨੀਆਂ ਤੇ ਹੋਰ ਕਈ ਅਧਿਕਾਰੀਆਂ ਦੇ ਰੂਬਰੂ ਹੋਏ। ਸਿੰਘ ਨੇ ਸੱਦਾ ਦਿੱਤਾ ਕਿ ਤੇਜ਼ੀ ਨਾਲ ਬਦਲੇ ਤਕਨੀਕੀ ਚੌਗਿਰਦੇ ਦੇ ਹਾਣ ਦਾ ਬਣਨ ਲਈ ਡੀਆਰਡੀਓ ਲਗਾਤਾਰ ਅੱਗੇ ਵਧਦੀ ਰਹੇੇ ਤੇ ਬਦਲਦੇ ਸਮੇਂ ਨਾਲ ਸਬੰਧਤ ਉਤਪਾਦ ਲੈ ਕੇ ਆਏ। ਕਾਬਿਲੇਗੌਰ ਹੈ ਕਿ ਭਾਰਤ ਨੇ ਬੁੱਧਵਾਰ ਨੂੰ ਨਵੇਂ ਸਾਲ ਦੇ ਪਹਿਲੇ ਦਿਨ 2025 ਨੂੰ ਰੱਖਿਆ ਸੁਧਾਰਾਂ ਦਾ ਸਾਲ ਐਲਾਨਦਿਆਂ ਕਿਹਾ ਸੀ ਕਿ ਇਸ ਦਾ ਉਦੇਸ਼ ਤਿੰਨਾਂ ਸੇਵਾਵਾਂ ਵਿੱਚ ਤਾਲਮੇਲ ਵਧਾਉਣ ਲਈ ਏਕੀਕ੍ਰਿਤ ਥੀਏਟਰ ਕਮਾਂਡਾਂ ਨੂੰ ਰੋਲਆਊਟ ਕਰਨ ਦੀ ਸਹੂਲਤ ਦੇਣਾ ਅਤੇ ਫੌਜ ਨੂੰ ਤਕਨੀਕੀ ਤੌਰ ’ਤੇ ਆਧੁਨਿਕ ਲੜਾਈ ਦੇ ਸਮਰੱਥ ਬਣਾਉਣਾ ਹੈ। -ਪੀਟੀਆਈ