ਦੋ ਘਟਨਾਵਾਂ ’ਚ ਹਥਿਆਰਾਂ ਦੀ ਨੋਕ ’ਤੇ 2.50 ਲੱਖ ਰੁਪਏ ਲੁੱਟੇ
ਪੱਤਰ ਪ੍ਰੇਰਕ
ਕਾਹਨੂੰਵਾਨ 23 ਅਗਸਤ
ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਭੱਟੀਆਂ ਵਿਚ ਭਾਰਤੀ ਸਟੇਟ ਬੈਂਕ ਦੇ ਨਜ਼ਦੀਕ ਇੱਕ ਇੰਟਰਨੈੱਟ ਕੈਫ਼ੇ ਦੀ ਦੁਕਾਨ ਤੋਂ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਨਗਦੀ ਲੁੱਟ ਲਈ। ਪੀੜਤ ਰਕੇਸ਼ ਅਗਨੀਹੋਤਰੀ ਨੇ ਇਸ ਮੌਕੇ ਤਿੰਨ ਹਥਿਆਰਬੰਦ ਨੌਜਵਾਨ ਲੁਟੇਰੇ ਕੈਫ਼ੇ ਅੰਦਰ ਦਾਖਲ ਹੋਏ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ। ਉਹਨਾਂ ਵਿਚੋਂ ਇੱਕ ਨੇ ਉਸ ਉੱਤੇ ਪਸਤੌਲ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਪੈਸਿਆਂ ਦੀ ਮੰਗ ਕੀਤੀ। ਉਨ੍ਹਾਂ ਵਿਚੋਂ ਇੱਕ ਲੁਟੇਰਾ 6 ਫੁੱਟ ਦੇ ਕਰੀਬ ਸੀ। ਉਨ੍ਹਾਂ ਨੇ ਉਸ ਕੋਲੋਂ ਡੇਢ ਲੱਖ ਰੁਪਏ ਲੁੱਟ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਵਾਰਦਾਤ ਦੇ ਨਾਲ ਇਲਾਕੇ ਵਿੱਚ ਪੂਰੀ ਤਰ੍ਹਾਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਵਾਰਦਾਤ ਦੀ ਸੂਚਨਾ ਮਿਲਣ ’ਤੇ ਤੁਰੰਤ ਹਲਕਾ ਇੰਚਾਰਜ ਡੀ.ਐਸ.ਪੀ. ਸਮੇਤ ਥਾਣਾ ਮੁਖੀ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦੇ ਹਾਲਾਤ ਦੇਖੇ। ਹਾਜ਼ਰ ਲੋਕਾਂ ਨੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਉੱਤੇ ਸਵਾਲੀਆ ਚਿੰਨ੍ਹ ਲਗਾਏ। ਇਸ ਮੌਕੇ ਡੀ. ਐਸ. ਪੀ. ਰਾਜਬੀਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਵਾਰਦਾਤ ਦੇ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਸਵੇਰੇ ਤੜਕਸਾਰ ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਲਾਲਕਾ ਨਗਰ ਵਿਖੇ ਇੱਕ ਚਿਕਨ ਸਪਲਾਈ ਕਰਨ ਵਾਲੇ ਵਿਅਕਤੀ ਕੋਲੋਂ ਦਾਤਰ ਦੀ ਨੋਕ ਉੱਪਰ ਚਾਰ ਕਾਰ ਸਵਾਰਾਂ ਨੇ 93,000 ਦੀ ਨਗਦੀ ਅਤੇ ਮੋਬਾਈਲ ਲੁੱਟ ਲਿਆ। ਇਸ ਸਬੰਧੀ ਸੁੱਚਾ ਸਿੰਘ ਵਾਸੀ ਰੂਪੋਵਾਲੀ ਨੇ ਦੱਸਿਆ ਕਿ ਉਹ ਚਿਕਨ ਸਪਲਾਈ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ 3.30 ਵਜੇ ਆਪਣੇ ਘਰ ਤੋਂ ਆਪਣਾ ਛੋਟਾ ਹਾਥੀ ਲੈ ਕੇ ਆਪਣੇ ਡਰਾਈਵਰ ਹਰਜਿੰਦਰ ਸਿੰਘ ਦੇ ਨਾਲ ਮਹਿਤਾ ਚੌਕ ਜਾ ਰਿਹਾ ਸੀ। ਉਸਨੇ ਦੱਸਿਆ ਜਦੋਂ ਉਹ ਪਿੰਡ ਲਾਲਕਾ ਨਗਰ ਪਹੁੰਚੇ ਤਾਂ ਤਾਂ ਇੱਕ ਆਈ ਟਵੰਟੀ ਕਾਰ ਨੇ ਉਹਨਾਂ ਦਾ ਰਸਤਾ ਰੋਕਿਆ ਅਤੇ ਉਸ ਵਿਚ ਛੇ ਨੌਜਵਾਨ ਮੌਜੂਦ ਸਨ। ਇਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਉਸ ਨੇ ਦੱਸਿਆ ਇਨ੍ਹਾਂ ਵਿਚੋਂ ਚਾਰ ਨੌਜਵਾਨ ਕਾਰ ਵਿੱਚੋਂ ਉਤਰੇ ਅਤੇ ਦਾਤਰ ਦੀ ਨੋਕ ਉੱਪਰ ਉਸ ਕੋਲੋਂ 93700 ਰੁਪਏ ਅਤੇ ਮੋਬਾਈਲ ਫੋਨ ਖੋਹ ਲਿਆ ਤੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਜੰਡਿਆਲਾ ਗੁਰੂ ਵਿਖੇ਼ ਮਾਮਲਾ ਦਰਜ ਕਰਕੇ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਝਪਟਮਾਰਾਂ ਨੇ ਸਕੂਟੀ ਸਵਾਰ ਬਜ਼ੁਰਗ ਦੀ ਜੇਬ ਕੱਟੀ, ਬਜ਼ੁਰਗ ਡਿੱਗਣ ਕਾਰਨ ਜ਼ਖਮੀ
ਬਟਾਲਾ (ਖੇਤਰੀ ਪ੍ਰਤੀਨਿਧ): ਸਥਾਨਕ ਮੁਹੱਲਾ ਸ਼ੁਕਰਪੁਰਾ ’ਚ ਦੋ ਮੋਟਰ ਸਾਈਕਲ ਸਵਾਰ ਝਪਟਮਾਰਾਂ ਨੇ ਸਕੂਟੀ ‘ਤੇ ਜਾਂਦੇ ਇੱਕ ਬਜੁਰਗ ਦੀ ਕੁੜਤੇ ਦੀ ਜੇਬ ਕੱਟ ਲਈ ਅਤੇ ਸਾਢੇ 32 ਹਜ਼ਾਰ ਰੁਪਏ ਝਪਟ ਕੇ ਫ਼ਰਾਰ ਹੋ ਗਏ। ਇਸੇ ਦੌਰਾਨ ਸਕੂਟਰੀ ਦਾ ਸੰਤੁਲਨ ਵਿਗੜਨ ਕਾਰਨ ਉਕਤ ਬਜ਼ੁਰਗ ਅਤੇ ਉਸ ਦੇ ਪਿੱਛੇ ਬੈਠੀ ਉਸ ਦੀ ਪਤਨੀ ਵੀ ਹੇਠਾਂ ਡਿੱਗ ਗਏ ਅਤੇ ਜ਼ਖਮੀ ਹੋ ਗਏ। ਦੋਵਾਂ ਨੂੰ ਸਿਵਲ ਹਸਪਤਾਲ ਬਟਾਲਾ ਵਿੱਚ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਜੋਗਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਬਿਜਲੀਵਾਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਕਸ਼ਮੀਰ ਕੌਰ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਆਪਣੀ ਬੇਟੀ ਕੋਲੋਂ ਉਧਾਰ ਲਏ ਪੈਸੇ ਉਸ ਨੂੰ ਵਾਪਸ ਕਰਨ ਬਟਾਲਾ ਆ ਰਹੇ ਸਨ ਕਿ ਜਦੋਂ ਮੁਹੱਲਾ ਸ਼ੁਕਰਪੁਰਾ ਨੇੜੇ ਪੁਹੰਚੇ ਤਾਂ ਪਿੱਛੋਂ ਇੱਕ ਮੋਟਰਸਾਇਕਲ ’ਤੇ ਸਵਾਰ ਦੋ ਲੁਟੇਰਿਆਂ ਨੇ ਝਪਟ ਮਾਰ ਕੇ ਉਸ ਦੇ ਕੁੜਤੇ ਦੀ ਜੇਬ ਕੱਟ ਲਈ ਅਤੇ ਫ਼ਰਾਰ ਹੋ ਗਏ। ਬਜ਼ੁਰਗ ਨੇ ਦੱਸਿਆ ਕਿ ਉਸ ਦੀ ਜੇਬ ਵਿੱਚ ਸਾਢੇ 32 ਹਜ਼ਾਰ ਰੁਪਏ ਸਨ। ਉਨ੍ਹਾਂ ਦੱਸਿਆ ਕਿ ਸਕੂਟੀ ਦਾ ਸੰਤੁਲਨ ਵਿਗੜਨ ਕਾਰਨ ਉਹ ਦੋਵੇਂ ਸੜਕ ’ਤੇ ਡਿੱਗ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨਜ਼ ਦੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਝਪਟਮਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ।