1965 ਦੀ ਜੰਗ ਦਾ ਨਾਇਕ ਜਨਰਲ ਹਰਬਖ਼ਸ਼ ਸਿੰਘ
ਦੇਸ਼ ਦੀ ਸੱਜੀ ਬਾਂਹ ਵਜੋਂ ਜਾਣਿਆ ਜਾਂਦਾ ਪੰਜਾਬ ਪੀਰਾਂ, ਰਿਸ਼ੀਆਂ ਮੁਨੀਆਂ, ਦੇਸ਼ਭਗਤਾਂ ਦੀ ਧਰਤੀ ਹੈ ਜਿੱਥੇ ਅਣਗਿਣਤ ਸੰਤ ਸਿਪਾਹੀ, ਜਾਂਬਾਜ਼ ਜਰਨੈਲ ਪੈਦਾ ਹੋਏ ਜਿਨ੍ਹਾਂ ਨੇ ਇਤਿਹਾਸ ਦੇ ਵਹਿਣ ਹੀ ਨਹੀਂ ਮੋੜੇ ਸਗੋਂ ਅਸਚਰਜਤਾ ਭਰਪੂਰ ਕਾਰਨਾਮੇ ਕਰ ਦਿਖਾਏ। ਜਨਰਲ ਹਰਬਖ਼ਸ਼ ਸਿੰਘ ਨੇ ਕੇਵਲ ਸਿੱਖ ਜਗਤ ਦਾ ਨਾਂ ਹੀ ਰੋਸ਼ਨ ਨਹੀਂ ਕੀਤਾ ਬਲਕਿ ਦੇਸ਼ ਦੀ ਆਨ ਸ਼ਾਨ, ਆਬਰੂ, ਗ਼ੈਰਤ, ਗੌਰਵ, ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਵਾਸਤੇ ਜੋ ਯੋਗਦਾਨ ਪਾਇਆ, ਉਸ ਦੀ ਮਿਸਾਲ ਮਿਲਟਰੀ ਇਤਿਹਾਸ ’ਚ ਕਿਤੇ ਨਹੀਂ ਮਿਲਦੀ।
‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ॥’ ਦੇ ਮਹਾਵਾਕ ਅਨੁਸਾਰ ਦੇਸ਼ ਫ਼ੌਜ ਤੇ ਕੌਮ ਦੀ ਅਦੁੱਤੀ ਸ਼ਖ਼ਸੀਅਤ ਲੈਫ. ਜਨਰਲ ਹਰਬਖ਼ਸ਼ ਸਿੰਘ ਦੇ 111ਵੇਂ ਜਨਮ ਦਿਹਾੜੇ ’ਤੇ 1965 ਦੀ ਭਾਰਤ ਪਾਕਿਸਤਾਨ ਜੰਗ ਸਮੇਂ ਉਨ੍ਹਾਂ ਦੇ ਪੰਜਾਬ ਤੇ ਕਸ਼ਮੀਰ ਨੂੰ ਬਚਾਉਣ ਲਈ ਪਾਏ ਨਿਵੇਕਲੇ ਯੋਗਦਾਨ ਬਾਰੇ ਚਰਚਾ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਜੰਗੀ ਸਫ਼ਰ ਕਮਿਸ਼ਨ ਪ੍ਰਾਪਤ ਕਰਨ ਪਿੱਛੋਂ ਲਫਟੈਣ ਹਰਬਖ਼ਸ਼ ਸਿੰਘ ਦਾ ਮਿਲਟਰੀ ਸਫ਼ਰ ਜੰਗ ਦੇ ਮੈਦਾਨ ਤੋਂ ਹੀ ਸ਼ੁਰੂ ਹੋਇਆ ਅਤੇ ਅੰਤ ਵਿਚ ਪੰਜਾਬ ਤੇ ਕਸ਼ਮੀਰ ਦੇ ਰਾਖੇ ਵਜੋਂ ਹੋ ਨਿਬਡਿ਼ਆ।
ਬ੍ਰਿਟਿਸ਼ ਆਰਮੀ ਦੀ ਦੂਜੀ ਪਲਟਨ ਦੀ 35-40 ਗੋਰੇ ਸੈਨਿਕਾਂ ਦੀ ਟੁਕੜੀ ਦੀ ਕਮਾਂਡ ਕਰਦਿਆਂ ਉੱਤਰ-ਪੱਛਮੀ ਫਰੰਟੀਅਰ ਦੀ ਹੁਨਜ਼ ਰਿਆਸਤ ਦੇ ‘ਆਪ੍ਰੇਸ਼ਨ ਮੁਹੰਮਦ’ ਵਿਚ ਇਕ ਮਹੀਨੇ ਦੀ ਲੜਾਈ ਤੋਂ ਬਾਅਦ ਸਫ਼ਲਤਾ ਪ੍ਰਾਪਤ ਕੀਤੀ। ਦੂਜੇ ਵਿਸ਼ਵ ਯੁੱਧ ਦੌਰਾਨ 3 ਜਨਵਰੀ 1942 ਨੂੰ ਮਲਾਇਆ ਦੇ ਪ੍ਰਾਇਦੀਪ ਦੇ ਯੁੱਧ ਸਮੇਂ ਜਾਪਾਨੀਆਂ ਨਾਲ ਲੋਹਾ ਲੈਂਦਿਆਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਪਰ ਕੁਦਰਤ ਨੇ ਇਨ੍ਹਾਂ ਪਾਸੋਂ ਮਹੱਤਵਪੂਰਨ ਜੰਗਾਂ ਦੌਰਾਨ ਕੰਮ ਲੈਣਾ ਸੀ, ਇਸ ਲਈ ਲੰਮੇ ਇਲਾਜ ਤੋਂ ਬਾਅਦ ਬਚ ਗਏ। ਅਪਰੈਲ 1945 ’ਚ ਉਨ੍ਹਾਂ ਦੀ ਪੋਸਟਿੰਗ 4 ਸਿੱਖ ਬਟਾਲੀਅਨ ਵਿਚ ਹੋ ਗਈ ਤੇ 1947 ਵਿਚ ਸਟਾਫ ਕਾਲਜ ਕੋਰਸ ਕੁਇਟਾ ਵਿਖੇ ਚੁਣ ਲਿਆ ਗਿਆ।
ਉਨ੍ਹਾਂ ਦਾ ਪਹਿਲਾ ਇਤਿਹਾਸਕ ਜੰਗੀ ਰੋਲ 1947-48 ਦੌਰਾਨ ਜੰਮੂ ਕਸ਼ਮੀਰ ਵਿਚ ਪਾਕਿਸਤਾਨ ਨਾਲ ਹੋਈ ਜੰਗ ਸਮੇਂ ਸਾਹਮਣੇ ਆਇਆ। ਪਹਿਲਾਂ 1 ਸਿੱਖ ਪਲਟਨ ਦੇ ਕਮਾਂਡਿੰਗ ਅਫਸਰ ਦੇ ਤੌਰ ’ਤੇ, ਫਿਰ 161 ਇਨਫੈਂਟਰੀ ਬ੍ਰਿਗੇਡ ਦੇ ਕਮਾਂਡਰ ਦੀ ਹੈਸੀਅਤ ’ਚ ਵੀਰਤਾ ਭਰਪੂਰ ਕਾਰਨਾਮੇ ਕਰ ਦਿਖਾਏ। ਸ੍ਰੀਨਗਰ ਹਵਾਈ ਅੱਡਾ ਤੇ ਸ਼ਹਿਰ ਬਚਾਇਆ ਜੋ ਜੋਖ਼ਮ ਭਰੇ ਫ਼ੈਸਲੇ ਦਾ ਨਤੀਜਾ ਸੀ। ਫਿਰ ਜਿਸ ਸੂਰਬੀਰਤਾ ਤੇ ਦਲੇਰੀ ਨਾਲ ਫ਼ੌਜ ਦੀ ਅਗਵਾਈ ਕਰਦਿਆਂ ਧਾੜਵੀਆਂ ਦਾ ਬਾਰਾਮੂਲਾ ਮੁਜ਼ਫਰਾਬਾਦ ਧੁਰੇ ਵੱਲ ਪਿੱਛਾ ਕੀਤਾ, ਉਸ ਸਦਕਾ ਇਲਾਕੇ ਵਿਚੋਂ ਦੁਸ਼ਮਣ ਦੀਆਂ 472 ਲਾਸ਼ਾਂ ਬਰਾਮਦ ਹੋਈਆਂ। ਅਫ਼ਰਾ-ਤਫ਼ਰੀ ਇੰਨੀ ਮਚੀ ਕਿ ਕਈਆਂ ਨੇ ਜਿਹਲਮ ਦਰਿਆ ’ਚ ਛਾਲਾਂ ਮਾਰ ਦਿੱਤੀਆਂ। ਹਰਬਖ਼ਸ਼ ਸਿੰਘ ਦਾ ਵਿਚਾਰ ਸੀ ਕਿ ਜੇਕਰ ਦੁਸ਼ਮਣ ਦਾ ਪਿੱਛਾ ਕਰਦਿਆਂ ਦੁਮੇਲ ਪੁਲ ਨੂੰ ਕਬਜ਼ੇ ਹੇਠ ਲੈ ਕੇ ਸਿੰਧ ਦਰਿਆ ਦਾ ਪੁਲ ਉਡਾ ਦਿੱਤਾ ਜਾਵੇ ਤਾਂ ਫਿਰ ਪਾਕਿਸਤਾਨ ਦੀ ਫ਼ੌਜ ਕਸ਼ਮੀਰ ਵਿਚ ਦਾਖ਼ਲ ਹੋਣ ਦੇ ਅਸਮਰੱਥ ਹੋ ਜਾਂਦੀ। ਫਿਰ ਸਮੁੱਚਾ ਕਸ਼ਮੀਰ ਆਪਣੇ ਕਬਜ਼ੇ ਹੇਠ ਹੁੰਦਾ। ਫਿਰ ਨਾ ਸ਼ਕਮਗਾਮ ਘਾਟੀ ਵਾਲਾ ਇਲਾਕਾ ਚੀਨ ਹਵਾਲੇ ਹੁੰਦਾ ਅਤੇ ਨਾ ਹੁਣ ਚੀਨ ਗਲਵਾਨ ਘਾਟੀ, ਦੇਪਸਾਂਗ, ਦੇਮਚੋਕ ਇਲਾਕੇ ਨੂੰ ਸਿਆਚਿਨ ਨਾਲ ਜੋੜ ਕੇ ਪਾਕਿਸਤਾਨ ਨੂੰ ਹੱਲਾਸ਼ੇਰੀ ਦੇਣ ਬਾਰੇ ਸੋਚਦਾ। ਅਫ਼ਸੋਸ! ਬ੍ਰਿਗੇ. ਹਰਬਖ਼ਸ਼ ਸਿੰਘ ਤੇ ਉੱਚ ਫ਼ੌਜੀ ਅਧਿਕਾਰੀਆਂ ਨੂੰ ਅਜਿਹਾ ਕਰਨ ਦੀ ਪ੍ਰਵਾਨਗੀ ਨਾ ਮਿਲੀ। ਉਨ੍ਹਾਂ ਨੂੰ ਬਹਾਦਰੀ, ਦ੍ਰਿੜਤਾ ਅਤੇ ਕੌਮੀ ਜਜ਼ਬੇ ਵਾਲੀ ਭਾਵਨਾ ਸਦਕਾ ਬਹਾਦਰੀ ਪੁਰਸਕਾਰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
1962 ਦੀ ਭਾਰਤ ਚੀਨ ਜੰਗ ਸਮੇਂ ਸਰਕਾਰ ਨੂੰ ਫਿਰ ਹਰਬਖ਼ਸ਼ ਸਿੰਘ ਦੀ ਯਾਦ ਆਈ। ਜੰਗ ਸਮੇਂ ਤੇਜ਼ਪੁਰ ਕੋਰ ਕਮਾਂਡਰ ਲੈਫ. ਜਨਰਲ ਕੌਲ ਬਿਮਾਰ ਹੋ ਗਏ ਤਾਂ ਮੇਜਰ ਜਨਰਲ ਹਰਬਖ਼ਸ਼ ਸਿੰਘ ਨੂੰ ਤਰੱਕੀ ਦੇ ਕੇ ਲੈਫ. ਜਨਰਲ ਬਣਾ ਕੇ ਜਨਰਲ ਕੌਲ ਦੀ ਜਗ੍ਹਾ ਭੇਜਿਆ। ਉਨ੍ਹਾਂ 23 ਅਕਤੂਬਰ ਨੂੰ ਚੀਨ ਨਾਲ ਲਗਦੇ ਸਰਹੱਦੀ ਇਲਾਕੇ ਦੀ ਪਹਿਲੀ ਪੰਗਤੀ ਤੱਕ ਪਹੁੰਚ ਕੇ ਪਿੱਛੇ ਭੱਜ ਰਹੀ ਫ਼ੌਜ ਨੂੰ ਠੱਲ੍ਹ ਪਾਈ; ਆਪਣੇ ਜਾਹੋ-ਜਲਾਲ ਨਾਲ ਦੁਸ਼ਮਣ ਨੂੰ ਵੰਗਾਰਿਆ। ਫਿਰ ਉਨ੍ਹਾਂ ਨੂੰ ਸਿੱਕਮ-ਭੂਟਾਨ ਦੀ ਹਿਫ਼ਾਜ਼ਤ ਖ਼ਾਤਰ ਸਿਲੀਗੁੜੀ ਦੀ ਨਵੀਂ ਖੜ੍ਹੀ ਕੀਤੀ ਕੋਰ ਦੀ ਕਮਾਂਡ ਕਰਨ ਵਾਸਤੇ ਭੇਜਿਆ ਤਾਂ ਕਿ ਉਹ ਸਿੱਕਮ ਅੰਦਰ ਲੱਗੀ ਨੈਸ਼ਨਲ ਐਮਰਜੈਂਸੀ ਨਾਲ ਨਜਿੱਠ ਸਕਣ।
60 ਦੇ ਦਹਾਕੇ ’ਚ ਭਾਰਤੀ ਫ਼ੌਜ ਨੂੰ ਚਾਰ ਵੱਡੇ ਹਿੱਸਿਆਂ ’ਚ ਵੰਡਿਆ ਹੋਇਆ ਸੀ। ਸਭ ਤੋਂ ਵੱਧ ਮਹੱਤਵਪੂਰਨ ਪੱਛਮੀ ਕਮਾਂਡ ਮੰਨੀ ਜਾਂਦੀ ਸੀ ਜਿਸ ਦਾ ਹੈੱਡਕੁਆਰਟਰ ਸ਼ਿਮਲਾ ਵਿੱਚ ਸੀ। ਲੜਾਈ ਦੌਰਾਨ ਕਮਾਂਡ ਦਾ ਟੈਕਟੀਕਲ ਹੈੱਡਕੁਆਰਟਰ ਅੰਬਾਲਾ ਵਿੱਚ ਬਣਾਇਆ ਗਿਆ। ਕਮਾਂਡ ਦੀ ਆਪ੍ਰੇਸ਼ਨਲ ਜਿ਼ੰਮੇਵਾਰੀ ਦੇ ਇਲਾਕੇ ਦਾ ਫੈਲਾਓ ਪੱਛਮੀ ਯੂਪੀ-ਤਿੱਬਤ ਸਰਹੱਦ (ਉੱਤਰਾਖੰਡ), ਲਦਾਖ, ਜੰਮੂ ਕਸ਼ਮੀਰ, ਪੰਜਾਬ (ਹਰਿਆਣਾ-ਹਿਮਾਚਲ ਸਮੇਤ) ਤੇ ਰਾਜਸਥਾਨ ਦੇ ਸਰਹੱਦੀ ਇਲਾਕੇ ਤੱਕ ਸੀ। ਲੈਫ. ਜਨਰਲ ਹਰਬਖ਼ਸ਼ ਸਿੰਘ ਨੇ ਨਵੰਬਰ 1964 ਨੂੰ ਪੱਛਮੀ ਕਮਾਂਡ ਦੀ ਵਾਗਡੋਰ ਸੰਭਾਲੀ।
ਪਾਕਿਸਤਾਨ ਦੇ ਰਾਸ਼ਟਰਪਤੀ ਫੀਲਡ ਮਾਰਸ਼ਲ ਆਯੂਬ ਖਾਨ ਨੇ ਆਪਣੇ ਕਬਜ਼ੇ ਹੇਠਲੇ ਕਸ਼ਮੀਰ ਵਿਚ 4 ਗੁਰੀਲਾ ਕੈਂਪ ਬਣਾਏ। ਹਜ਼ਾਰਾਂ ਦੀ ਗਿਣਤੀ ਵਾਲੀ ਫੋਰਸ ਵਿਚੋਂ ਤਕਰੀਬਨ 9 ਹਜ਼ਾਰ ਵਾਲੇ ਘੁਸਪੈਠੀਆਂ ਨੂੰ ਸਖ਼ਤ ਸਿਖਲਾਈ ਤੋਂ ਬਾਅਦ ਅਗਸਤ ਦੇ ਸ਼ੁਰੂ ਵਿਚ ‘ਆਪ੍ਰੇਸ਼ਨ ਜਿਬਗਲਰ’ ਦੇ ਨਾਮ ਹੇਠ 8 ਟਾਸਕ ਫੋਰਸਿਸ ’ਚ ਵੰਡ ਕੇ 740 ਕਿਲੋਮੀਟਰ ਵਾਲੀ ਐੱਲਓਸੀ ਪਾਰ ਕਰਵਾ ਕੇ ਜੰਮੂ ਕਸ਼ਮੀਰ ’ਚ ਭੇਜ ਦਿੱਤਾ।
ਭਾਰਤ ਵਾਸਤੇ ਇਹ ਪ੍ਰੀਖਿਆ ਦੀ ਘੜੀ ਸੀ। ਸਵਾਲ ਪੈਦਾ ਹੋਇਆ ਕਿ ਭਾਰਤ ਆਪਣੀ ਵਿਦੇਸ਼ ਨੀਤੀ ਅਨੁਸਾਰ ਦੁਸ਼ਮਣ ਨੂੰ ਆਪਣੇ ਮੁਲਕ ਅੰਦਰ ਹੀ ਨਜਿੱਠੇ ਜਾਂ ਕੋਈ ਠੋਸ ਜਵਾਬੀ ਕਾਰਵਾਈ ਵੀ ਕਰੇ? ਪੱਛਮੀ ਆਰਮੀ ਕਮਾਂਡਰ ਜਨਰਲ ਹਰਬਖ਼ਸ਼ ਸਿੰਘ ਨੇ ਆਪਣੇ 1947-48 ਦੇ ਜੰਗੀ ਤਜਰਬੇ ਨੂੰ ਮੁੱਖ ਰੱਖਦਿਆਂ ਇਹ ਪਲੈਨਿੰਗ ਤਾਂ ਨਵੰਬਰ 64 ਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਜੇ ਘੁਸਪੈਠੀਆਂ ਦੇ ਰਸਤੇ ਬੰਦ ਕਰਨੇ ਹਨ ਤਾਂ ਜੰਗਬੰਦੀ ਰੇਖਾ ਪਾਰ ਕਰ ਕੇ ਉਨ੍ਹਾਂ ਦੇ ਟਰੇਨਿੰਗ ਕੈਂਪ, ਕੰਟਰੋਲ ਹੈੱਡਕੁਆਰਟਰ ਅਤੇ ਉਸ ਦੀ ਪੂਰਤੀ ਵਾਲੇ ਭੰਡਾਰ ਨਸ਼ਟ ਕਰਨੇ ਪੈਣਗੇ ਤਾਂ ਕਿ ਦੁਸ਼ਮਣ ਨੂੰ ਮਕਬੂਜ਼ਾ ਕਸ਼ਮੀਰ (ਪੀਓਕੇ) ਵਿੱਚ ਹੀ ਚੁਣੌਤੀ ਦਿੱਤੀ ਜਾ ਸਕੇ। 19 ਅਗਸਤ 1965 ਨੂੰ ਰਾਜ ਸਭਾ ਵਿਚ ਹੋਈ ਬਹਿਸ ਦੌਰਾਨ ਸਪਸ਼ਟ ਹੋ ਗਿਆ ਕਿ ਪਾਿਕਸਤਾਨ ਨੂੰ ਸਖ਼ਤਾਈ ਨਾਲ ਨਜਿੱਠਣ ਦਾ ਸਮਾਂ ਆ ਗਿਆ ਹੈ।
ਫਿਰ ਜਦੋਂ ਸ਼ਕਤੀਸ਼ਾਲੀ ਧਾੜਵੀ ਗਰੁੱਪ ਸ੍ਰੀਨਗਰ ਦੇ ਇਰਦ-ਗਿਰਦ ਪੁੱਜ ਗਿਆ ਤਾਂ ਕੇਂਦਰ ਪਾਸੋਂ ਕਸ਼ਮੀਰ ਵਿਚ ਮਾਰਸ਼ਲ ਲਾਅ ਲਾਉਣ ਦੀ ਮੰਗ ਕੀਤੀ ਗਈ ਪਰ ਜਨਰਲ ਹਰਬਖ਼ਸ਼ ਸਿੰਘ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਅਜਿਹਾ ਕਰਨ ਨਾਲ ਪਾਕਿਤਸਾਨੀ ਵਿਚਾਰਧਾਰਾ ਦੀ ਪੁਸ਼ਟੀ ਹੋ ਜਾਵੇਗੀ ਤੇ ਫਿਰ ਜੰਗ ਕੌਣ ਲੜੂ? ਫ਼ੌਜ ਨੇ ਫਿਰ ਹਾਜੀ ਪੀਰ ਬਲਜ ਤਿੱਥਵਾਲ ਸੈਕਟਰ ਵਾਲੀਆਂ ਤਿੱਖੀਆਂ ਚੋਟੀਆਂ ਦੇ ਇਰਦ-ਗਿਰਦ ਪਰਬਤੀ ਸ਼੍ਰੇਣੀਆਂ ਫ਼ਤਹਿ ਕਰ ਕੇ ਦੇਸ਼ ਦੀ ਵੰਡ ਤੋਂ ਪਹਿਲਾਂ ਵਾਲੀ ਪੁਣਛ-ਕਹੂਟਾ-ਉੜੀ ਸੜਕ 4 ਸਤੰਬਰ ਤੋਂ ਚਾਲੂ ਕਰ ਕੇ ਮਕਬੂਜ਼ਾ ਕਸ਼ਮੀਰ ਦੇ ਤਕਰੀਬਨ 15 ਹਜ਼ਾਰ ਦੀ ਆਬਾਦੀ ਵਾਲੇ ਖਿੰਡਰੇ-ਪੁੰਡਰੇ ਪਿੰਡਾਂ ਨੂੰ ਸਰਕਾਰ ਦੇ ਹਵਾਲੇ ਕਰ ਦਿੱਤਾ। ਉੱਥੇ ਤਿਰੰਗੇ ਝੰਡੇ ਲਹਿਰਾਉਣ ਲੱਗ ਪਏ। ਕਾਸ਼! ਇਹ ਜਿੱਤਿਆ ਇਲਾਕਾ ਵਾਪਸ ਨਾ ਕਰਨਾ ਪੈਂਦਾ।
ਦੂਜੇ ਪਾਸੇ ਪੰਜਾਬ ਵਿਚ ਹਾਲਾਤ ਡਾਵਾਂਡੋਲ ਸਨ। ਪਾਕਿਸਤਾਨ ਦੀ ਰਣਨੀਤੀ ਹਰੀਕੇ ਪੁਲ ’ਤੇ ਕਬਜ਼ਾ ਕਰ ਕੇ, ਸ਼ਹਿਰਾਂ ਨੂੰ ਬਾਈਪਾਸ ਕਰ ਕੇ, ਲਾਲ ਕਿਲ੍ਹੇ ਤੱਕ ਪਹੁੰਚਣ ਅਤੇ ਕਸ਼ਮੀਰ ਨਾਲੋਂ ਸੰਪਰਕ ਤੋੜਨ ਦੀ ਸੀ। ਆਰਮੀ ਕਮਾਂਡਰ ਨੇ ਪ੍ਰਧਾਨ ਮੰਤਰੀ ਦੀ ਪ੍ਰਵਾਨਗੀ ਨਾਲ ਕੌਮਾਂਤਰੀ ਸਰਹੱਦ ਪਾਰ ਕਰ ਕੇ ਇਛੋਗਿਲ ਨਹਿਰ ਅਤੇ ਹੋਰ ਇਲਾਕੇ ਕਬਜ਼ੇ ਹੇਠ ਕਰ ਲਏ। ਜਦੋਂ ਖੇਮਕਰਨ ਸੈਕਟਰ ਵਿਚ ਪਾਕਿਸਤਾਨ ਦੇ ਪੈਟਨ ਟੈਂਕ ਅਤੇ ਫ਼ੌਜ ਅੱਗੇ ਵਧਦੇ ਗਏ ਤਾਂ ਸੈਨਾ ਮੁਖੀ ਜਨਰਲ ਚੌਧਰੀ ਨੇ ਫ਼ੌਜਾਂ ਬਿਆਸ ਦਰਿਆ ਦੇ ਪਿੱਛੇ ਲਿਆ ਕੇ ਲੜਨ ਵਾਸਤੇ ਕਿਹਾ ਪਰ ਅਣਖੀ ਸੂਰਮੇ ਜਨਰਲ ਹਰਬਖ਼ਸ਼ ਸਿੰਘ ਨੇ ਕਿਹਾ- ਅਸੀਂ ਅੰਮ੍ਰਿਤਸਰ-ਤਰਨ ਤਾਰਨ ਦੀ ਪਵਿੱਤਰ ਧਰਤੀ ਦੀ ਰਾਖੀ ਲਈ ਦਿਲੋ-ਜਾਨ ਨਾਲ ਲੜਦੇ ਰਹਾਂਗੇ। ਆਖਿ਼ਰ ਇੰਝ ਹੀ ਹੋਇਆ। ਭਿਅੰਕਰ ਯੁੱਧ ਹੋਇਆ ਤੇ ਅਸਲ ਉਤਾੜ ਪੈਟਨ ਟੈਂਕਾਂ ਦਾ ਕਬਰਸਤਾਨ ਹੋ ਨਿੱਬੜਿਆ।
ਰੱਖਿਆ ਮੰਤਰੀ ਵਾਈਬੀ ਚਵਾਨ ਨਾਲ ਮੀਟਿੰਗ ਦੌਰਾਨ ਉਨ੍ਹਾਂ ਜਨਰਲ ਹਰਬਖ਼ਸ਼ ਸਿੰਘ ਨੂੰ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਸੈਨਾ ਮੁਖੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਥੋੜ੍ਹੀ ਦੇਰ ਬਾਅਦ ਪ੍ਰਧਾਨ ਮੰਤਰੀ ਸ਼ਾਸਤਰੀ ਜੀ ਦੀ ਤਾਸ਼ਕੰਦ ਵਿੱਚ ਮੌਤ ਹੋ ਗਈ। ਅਫ਼ਸੋਸ ਕਿ ਜਿਸ ਸੂਰਮੇ ਨੇ ਮੁਲਕ ਦੀ ਆਨ ਤੇ ਸ਼ਾਨ ਨੂੰ ਚਾਰ ਚੰਦ ਲਾਏ, ਸਰਕਾਰ ਉਨ੍ਹਾਂ ਨਾਲ ਕੀਤੇ ਵਾਅਦੇ ਤੋਂ ਮੁਕਰ ਗਈ।
ਨਿਧੜਕ ਜਰਨੈਲ ਹਰਬਖ਼ਸ਼ ਸਿੰਘ ਦੀ ਲਗਨ, ਬਹਾਦਰੀ ਤੇ ਨਿਡਰਤਾ ਨਾਲ ਕੀਤੀ ਦੇਸ਼, ਫ਼ੌਜ ਤੇ ਸਮਾਜ ਦੀ ਸੇਵਾ ਨੂੰ ਭੁਲਾਇਆ ਨਹੀਂ ਜਾ ਸਕਦਾ। ਕਿੰਨਾ ਚੰਗਾ ਹੋਵੇ ਜੇ ਰਾਜਸੀ ਨੇਤਾ ਪਾਰਟੀ ਸਿਆਸਤ ਤੋਂ ਉਪਰ ਉੱਠ ਕੇ ਉਨ੍ਹਾਂ ਨੂੰ ‘ਭਾਰਤ ਰਤਨ’ ਨਾਲ ਨਿਵਾਜਣ ’ਚ ਸਹਾਈ ਹੋਣ।
*ਲੇਖਕ ਰੱਖਿਆ ਵਿਸ਼ਲੇਸ਼ਕ ਹੈ।
ਸੰਪਰਕ: 98142-45151