ਘਰ ਵਿੱਚੋਂ 19 ਤੋਲੇ ਸੋਨਾ ਅਤੇ ਨਗਦੀ ਚੋਰੀ
ਪੱਤਰ ਪ੍ਰੇਰਕ
ਮੁਕੇਰੀਆਂ, 26 ਮਾਰਚ
ਇੱਥੋਂ ਨੇੜਲੇ ਪਿੰਡ ਕੋਲੀਆਂ ਵਿੱਚ ਚੋਰ ਬੀਤੀ 24 ਮਾਰਚ ਨੂੰ ਇੱਕ ਘਰ ਅੰਦਰੋਂ ਕਰੀਬ 19 ਤੋਲੇ ਸੋਨਾ ਅਤੇ 70,000 ਦੀ ਨਗਦੀ ਚੋਰੀ ਕਰ ਕੇ ਲੈ ਗਏ। ਇਸੇ ਤਰ੍ਹਾਂ 19 ਦੀ ਰਾਤ ਨੂੰ ਚੋਰਾਂ ਨੇ ਪਿੰਡ ਨੁਸ਼ਿਹਰਾ ਪੱਤਣ, ਛਾਂਟਾ, ਬਾਗਾਂ, ਤੂਰਾਂ ਅਤੇ ਧਨੋਆ ਦੇ ਖੇਤਾਂ ਵਿੱਚੋਂ ਕਰੀਬ 22 ਮੋਟਰਾਂ ਚੋਰੀ ਕਰ ਲਈਆਂ।
ਪਿੰਡ ਕੋਲੀਆਂ ਵਾਸੀ ਜਸਵਿੰਦਰ ਸਿੰਘ ਤੇ ਉਸ ਦੀ ਪਤਨੀ ਸੁਰਿੰਦਰ ਕੌਰ ਨੇ ਦੱਸਿਆ ਕਿ 24 ਮਾਰਚ ਨੂੰ ਉਹ ਸਵੇਰੇ ਕਰੀਬ 10 ਵਜੇ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਗਏ ਸਨ। ਜਦੋਂ ਬਾਅਦ ਦੁਪਿਹਰ ਵਾਪਸ ਆਏ ਤਾਂ ਚੋਰ 19 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 70 ਹਜ਼ਾਰ ਦੀ ਨਗਦੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਕਿਹਾ ਕਿ ਉਹ ਚੋਰੀ ਹੋਏ ਸਾਮਾਨ ਦੀ ਸੂਚੀ ਪੁਲੀਸ ਨੂੰ ਦੇ ਆਏ ਹਨ ਪਰ ਤਿੰਨ ਦਿਨ ਮਗਰੋਂ ਤਕ ਪੁਲੀਸ ਨੇ ਮੁੱਢਲੇ ਬਿਆਨ ਤੱਕ ਦਰਜ ਨਹੀਂ ਕੀਤੇ।
ਇਸੇ ਤਰ੍ਹਾ ਪਿੰਡ ਨੁਸ਼ਿਹਰਾ ਦੇ ਸਰਵਣ ਸਿੰਘ, ਛਾਂਟਾ ਦੇ ਗੁਰਸੇਵ ਸਿੰਘ ਤੇ ਪਿੰਡ ਧਨੋਆ ਦੇ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਵਿੱਚੋਂ 19 ਮਾਰਚ ਦੀ ਰਾਤ ਨੂੰ ਕਰੀਬ 22 ਮੋਟਰਾਂ ਚੋਰੀ ਹੋਈਆਂ ਹਨ। ਇਨ੍ਹਾਂ ਵਿੱਚ ਛਾਂਟਾਂ ਅਤੇ ਨੁਸ਼ਿਹਰੇ ਦੀਆਂ 10 ਮੋਟਰਾਂ, ਧਨੋਆ ਵਿਚੋਂ ਚੋਰੀਆਂ ਹੋਈਆਂ 7 ਅਤੇ ਬਾਗਾਂ, ਜਾਹਿਦਪੁਰ ਆਦਿਕ ਵਿੱਚੋਂ ਚੋਰੀਆਂ ਹੋਈਆਂ 5 ਮੋਟਰਾਂ ਸ਼ਾਮਲ ਹਨ। ਉਹ ਇਸ ਸਬੰਧੀ 20 ਮਾਰਚ ਨੂੰ ਹੀ ਪੁਲੀਸ ਨੂੰ ਲਿਖਤੀ ਸੂਚਨਾ ਦੇ ਆਏ ਹਨ, ਪਰ ਹਾਲੇ ਤੱਕ ਪੁਲੀਸ ਨੇ ਕੇਸ ਤੱਕ ਵੀ ਦਰਜ ਨਹੀਂ ਕੀਤਾ।
ਕੇਸ ਦੇ ਜਾਂਚ ਅਧਿਕਾਰੀ ਏਐਸਆਈ ਕੁਲਦੀਪ ਸਿੰਘ ਨੇ ਕਿਹਾ ਕਿ ਉਹ ਕੁਝ ਰੁਝੇਂਵਿਆਂ ਕਾਰਨ ਪੀੜਤਾਂ ਦੇ ਬਿਆਨ ਦਰਜ ਨਹੀਂ ਕਰ ਸਕੇ। ਡੀਐੱਸਪੀ ਮੁਕੇਰੀਆ ਵਿਪਨ ਕੁਮਾਰ ਨੇ ਦਾਅਵਾ ਕੀਤਾ ਕਿ ਉਹ ਤੁਰੰਤ ਹੇਠਲੇ ਅਧਿਕਾਰੀਆਂ ਨੂੰ ਚੋਰਾਂ ਦਾ ਪਤਾ ਲਗਾਉਣ ਲਈ ਆਖਣਗੇ।