ਅੰਮ੍ਰਿਤਸਰ ਵਿੱਚ 19 ਨਾਜਾਇਜ਼ ਉਸਾਰੀਆਂ ਸੀਲ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 9 ਜਨਵਰੀ
ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਹੁਕਮਾਂ ’ਤੇ ਐੱਮ.ਟੀ.ਪੀ ਵਿਭਾਗ ਨੇ ਕੇਂਦਰੀ ਜ਼ੋਨ ਵਿੱਚ ਨਾਜਾਇਜ਼ ਢੰਗ ਨਾਲ ਬਣੀਆਂ 19 ਇਮਾਰਤਾਂ ਨੂੰ ਸੀਲ ਕਰ ਦਿੱਤਾ ਹੈ। ਐਮ.ਟੀ.ਪੀ. ਨਰਿੰਦਰ ਸ਼ਰਮਾ, ਐਮ.ਟੀ.ਪੀ. ਮੇਹਰਬਾਨ ਸਿੰਘ, ਏ.ਟੀ.ਪੀ. ਵਰਿੰਦਰ ਮੋਹਨ, ਬਿਲਡਿੰਗ ਇੰਸਪੈਕਟਰ ਨਵਜੋਤ ਕੌਰ ਤੇ ਫੀਲਡ ਸਟਾਫ ਨੇ ਸ਼ੇਰਾਂ ਵਾਲਾ ਗੇਟ, ਬੱਕਰਾਵਾਨਾ ਬਾਜ਼ਾਰ, ਮਹਾਂ ਸਿੰਘ ਗੇਟ, ਘਿਓ ਮੰਡੀ, ਬਾਗ਼ ਰਾਮਾਨੰਦ ਅਤੇ ਪੁਰਾਣੇ ਸੁਧਾਰ ਟਰੱਸਟ ਦਫ਼ਤਰ ਨੇੜੇ ਬਿਨਾਂ ਪ੍ਰਵਾਨਿਤ ਨਕਸ਼ੇ ਦੇ ਬਣੀਆਂ ਇਮਾਰਤਾਂ ਵਿਰੁੱਧ ਕਾਰਵਾਈ ਕੀਤੀ ਹੈ। ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਸੀਲ ਕੀਤੀਆਂ ਇਮਾਰਤਾਂ ’ਤੇ ਪੀਲੀ ਟੇਪ ਲਗਾਈ ਗਈ ਹੈ, ਜਿਸ ’ਤੇ ਲਿਖਿਆ ਹੈ, ਇਸ ਇਮਾਰਤ ਵਿੱਚ ਦਾਖਲ ਨਾ ਹੋਵੋ। ਉਨ੍ਹਾਂ ਕਿਹਾ ਕਿ ਹੁਣ ਐਮ.ਟੀ.ਪੀ ਵਿਭਾਗ ਵਲੋਂ ਸਾਰੀਆਂ ਗੈਰ-ਕਾਨੂੰਨੀ ਇਮਾਰਤਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਦੇ ਸਾਰੇ ਖਰਚੇ ਵੀ ਬਿਲਡਰਾਂ ਤੋਂ ਵਸੂਲੇ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਦੀ ਕਾਰਵਾਈ ਵਿੱਚ ਸੀਲ ਕੀਤੀਆਂ ਅਤੇ ਢਾਹੀਆਂ ਗਈਆਂ ਇਮਾਰਤਾਂ ਦੇ ਮਜ਼ਦੂਰੀ ਅਤੇ ਹੋਰ ਸਾਰੇ ਖਰਚਿਆਂ ਦਾ ਬਿੱਲ ਤਿਆਰ ਕੀਤਾ ਜਾ ਰਿਹਾ ਹੈ। ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਗੈਰ-ਕਾਨੂੰਨੀ ਉਸਾਰੀ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਇਮਾਰਤ ਦਾ ਨਕਸ਼ਾ ਮਨਜ਼ੂਰ ਹੋਣ ਤੋਂ ਬਾਅਦ ਹੀ ਉਸਾਰੀ ਸ਼ੁਰੂ ਕਰਨ ਦੀ ਅਪੀਲ ਵੀ ਕੀਤੀ ਹੈ।