Punjab News: ਭਾਰਤ ’ਚ ਘੁਸਪੈਠ ਦੀ ਕੋਸ਼ਿਸ਼ ਕਰਦਾ ਪਾਕਿ ਨਾਗਰਿਕ BSF ਦੀ ਗੋਲੀ ਨਾਲ ਹਲਾਕ
ਘੁਸਪੈਠੀਏ ਕੋਲੋਂ ਇੱਕ ਬੈਗ, ਪਾਕਿਸਤਾਨੀ ਕਰੰਸੀ ਤੇ ਕੁਝ ਹੋਰ ਸਾਮਾਨ ਬਰਾਮਦ; ਅੰਮ੍ਰਿਤਸਰ ਸੈਕਟਰ ਦੇ ਕੋਟ ਰਜ਼ਾਦਾ ਸਰਹੱਦੀ ਖੇਤਰ ’ਚ ਵਾਪਰੀ ਘਟਨਾ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਜਨਵਰੀ
ਇੱਕ ਪਾਕਿਸਤਾਨੀ ਵਿਅਕਤੀ ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਬਾਰਡਰ ਸਿਕਿਉਰਿਟੀ ਫੋਰਸ (ਬੀਐਸਐਫ) ਦੀ ਗੋਲੀ ਨਾਲ ਮਾਰਿਆ ਗਿਆ ਹੈ। ਇਸ ਵਿਅਕਤੀ ਕੋਲੋਂ ਇੱਕ ਬੈਗ, ਪਾਕਿਸਤਾਨੀ ਕਰੰਸੀ ਤੇ ਕੁਝ ਸਾਮਾਨ ਬਰਾਮਦ ਹੋਇਆ ਹੈ।
ਬੀਐਸਐਫ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਸੈਕਟਰ ਦੇ ਕੋਟ ਰਜ਼ਾਦਾ ਸਰਹੱਦੀ ਖੇਤਰ ਵਿੱਚ ਬੀਤੀ ਦੇਰ ਰਾਤ ਧੁੰਦ ਦਾ ਲਾਹਾ ਲੈ ਕੇ ਇਹ ਵਿਅਕਤੀ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦਾ ਯਤਨ ਕਰ ਰਿਹਾ ਸੀ। ਇਸ ’ਤੇ ਉਸ ਨੂੰ ਡਿਊਟੀ ਉਤੇ ਤਾਇਨਾਤ BSF ਦੇ ਜਵਾਨਾਂ ਨੇ ਰੋਕਣ ਦਾ ਇਸ਼ਾਰਾ ਕੀਤਾ ਪਰ ਇਹ ਵਿਅਕਤੀ ਲਗਾਤਾਰ ਭਾਰਤੀ ਖੇਤਰ ਵਿਚ ਅੱਗੇ ਵਧਦਾ ਰਿਹਾ।
ਉਨ੍ਹਾਂ ਦੱਸਿਆ ਕਿ ਜਦੋਂ ਬੀਐਸਐਫ ਦੇ ਜਵਾਨਾਂ ਨੂੰ ਇਸ ਘੁਸਪੈਠੀਏ ਦੇ ਇਰਾਦੇ ਠੀਕ ਨਹੀਂ ਲੱਗੇ ਤਾਂ ਉਨ੍ਹਾਂ ਗੋਲੀ ਚਲਾ ਦਿੱਤੀ। ਗੋਲੀ ਲੱਗਣ ਨਾਲ ਇਹ ਵਿਅਕਤੀ ਮਾਰਿਆ ਗਿਆ ਹੈ।ਬਾਅਦ ਵਿੱਚ ਜਾਂਚ ਦੌਰਾਨ ਮਾਰੇ ਗਏ ਵਿਅਕਤੀ ਕੋਲੋਂ ਇੱਕ ਬੈਗ, ਲਗਭਗ 400 ਰੁਪਏ ਦੀ ਪਾਕਿਸਤਾਨੀ ਕਰੰਸੀ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਬੀਐਸਐਫ ਦੇ ਜਵਾਨਾਂ ਵੱਲੋਂ ਉਸ ਦੀ ਲਾਸ਼ ਪੰਜਾਬ ਪੁਲੀਸ ਨੂੰ ਸੌਂਪ ਦਿੱਤੀ ਗਈ ਹੈ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ।