ਕਰਨ ਜੌਹਰ ਦੀ ਫ਼ਿਲਮ ‘ਕਭੀ ਅਲਵਿਦਾ ਨਾ ਕਹਿਨਾ’ ਦੀ ਰਿਲੀਜ਼ ਦੇ 18 ਸਾਲ ਮੁਕੰਮਲ
ਮੁੰਬਈ: ਕਰਨ ਜੌਹਰ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਕਭੀ ਅਲਵਿਦਾ ਨਾ ਕਹਿਨਾ’ ਨੂੰ ਰਿਲੀਜ਼ ਹੋਏ 18 ਸਾਲ ਪੂਰੇ ਹੋ ਗਏ ਹਨ। ਕਰਨ ਜੌਹਰ ਦਾ ਕਹਿਣਾ ਹੈ ਕਿ ‘ਕਭੀ ਅਲਵਿਦਾ ਨਾ ਕਹਿਨਾ’ ਦੀ ਕਹਾਣੀ ਉਸ ਨੂੰ ਉਲਝੇ ਪਰ ਖੂਬਸੂਰਤ ਰਿਸ਼ਤਿਆਂ ਨੂੰ ਬਿਆਨ ਕਰਨ ਦਾ ਹੌਸਲਾ ਦਿੰਦੀ ਹੈ। ਸਾਲ 2006 ’ਚ ਆਈ ਰੋਮਾਂਸ ਤੇ ਡਰਾਮਾ ਭਰਪੂਰ ਇਸ ਫ਼ਿਲਮ ਨੇ ਵਿਆਹੁਤਾ ਜੀਵਨ ਦੀਆਂ ਗੁੰਝਲਾਂ ਬਿਆਨ ਕੀਤੀਆਂ ਸਨ। ਕਰਨ ਜੌਹਰ ਨੇ ਇੰਸਟਾਗ੍ਰਾਮ ’ਤੇ ਫ਼ਿਲਮ ਦੀ ਸ਼ੂਟਿੰਗ ਸਬੰਧੀ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਫ਼ਿਲਮ ’ਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਅਭਿਸ਼ੇਕ ਬੱਚਨ, ਰਾਣੀ ਮੁਖਰਜੀ, ਪ੍ਰੀਟੀ ਜ਼ਿੰਟਾ ਅਤੇ ਕਿਰਨ ਖੇਰ ਨੇ ਮੁੱਖ ਭੂਮਿਕਾ ਨਿਭਾਈ ਸੀ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਵੀਡੀਓ ਨਾਲ ਕਰਨ ਨੇ ਕਿਹਾ,‘‘ਇਸ ਫ਼ਿਲਮ ਨੇ ਮੈਨੂੰ ਸਭ ਤੋਂ ਵਧੀਆ ਕਲਾਕਾਰ ਦਿੱਤੇ ਜੋ ਮੇਰੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਹਨ। ਇਸ ਦੇ ਨਾਲ ਹੀ ਮੈਨੂੰ ਫ਼ਿਲਮ ਨੇ ਇੰਨੀ ਹਿੰਮਤ ਦਿੱਤੀ ਕਿ ਮੈਂ ਉਨ੍ਹਾਂ ਰਿਸ਼ਤਿਆਂ ਦੀ ਕਹਾਣੀ ਬਿਆਨ ਕਰ ਸਕਿਆ ਜੋ ਉਲਝਣ ਭਰੇ ਪਰ ਖੂਬਸੂਰਤ ਹਨ। ਇਹ ਸਮਾਂ ਬਿਲਕੁਲ 18 ਸਾਲ ਦੀ ਜ਼ਿੰਦਗੀ ਦੀ ਤਰ੍ਹਾਂ ਹੈ।’’ ਦੱਸਣਯੋਗ ਹੈ ਕਿ ਫ਼ਿਲਮ ਦੇ ਗੀਤ ਕਾਫੀ ਮਕਬੂਲ ਹੋਏ ਸਨ। -ਪੀਟੀਆਈ