ਉਨਾਓ ਵਿੱਚ ਬੱਸ ਅਤੇ ਟੈਂਕਰ ਦੀ ਟੱਕਰ ਕਾਰਨ 18 ਹਲਾਕ; 19 ਜ਼ਖ਼ਮੀ
ਉਨਾਓ, 10 ਜੁਲਾਈ
ਯੂਪੀ ਵਿਚ ਆਗਰਾ-ਲਖਨਊ ਐਕਸਪ੍ਰੈਸਵੇਅ ’ਤੇ ਦਿੱਲੀ ਜਾ ਰਹੀ ਇੱਕ ਡਬਲ ਡੈਕਰ ਸਲੀਪਰ ਬੱਸ ਦੀ ਦੁੱਧ ਵਾਲੇ ਟੈਂਕਰ ਨਾਲ ਟੱਕਰ ਹੋਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਜਦਕਿ 19 ਜਣੇ ਜ਼ਖ਼ਮੀ ਹੋ ਗਏ। ਇਹ ਹਾਦਸਾ ਸਵੇਰੇ 5 ਵਜੇ ਜੋਜੀਕੋਟ ਪਿੰਡ ਨੇੜੇ ਵਾਪਰਿਆ। ਜ਼ਿਲ੍ਹਾ ਮੈਜਿਸਟਰੇਟ ਗੌਰੰਗ ਰਾਠੀ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਜਿਵੇਂ ਬਿਹਾਰ ਦੇ ਮੋਤੀਹਾਰੀ ਤੋਂ ਆ ਰਹੀ ਬੱਸ ਦੀ ਰਫ਼ਤਾਰ ਤੇਜ਼ ਸੀ ਜਿਸਨੇ ਦੁੱਧ ਦੇ ਟੈਂਕਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਕੁੱਲ 60 ਯਾਤਰੀ ਸਵਾਰ ਸਨ ਜਿਨ੍ਹਾਂ ’ਚੋਂ ਘੱਟ ਜ਼ਖ਼ਮੀ 20 ਯਾਤਰੀਆਂ ਨੂੰ ਦੂਜੀ ਬੱਸ ਰਾਹੀਂ ਦਿੱਲੀ ਭੇਜ ਦਿੱਤਾ ਗਿਆ ਹੈ।
ਏਡੀਜੀਪੀ ਲਖਨਊ ਐੱਸਬੀ ਸ਼ਿਰਾਦਕਰ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 14 ਵਿਅਕਤੀ, ਤਿੰਨ ਔਰਤਾਂ ਤੇ ਇੱਕ ਬੱਚਾ ਸ਼ਾਮਲ ਹੈ। ਬੰਗਰਮੌਅ ਸਰਕਲ ਅਫ਼ਸਰ ਅਰਵਿੰਦ ਕੁਮਾਰ ਨੇ ਕਿਹਾ ਕਿ ਟੱਕਰ ਕਾਰਨ ਦੋਵੇਂ ਵਾਹਨ ਪਲਟ ਗਏ ਜਿਨ੍ਹਾਂ ਦੇ ਡਰਾਈਵਰਾਂ ਦੀ ਵੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੋਵਾਂ ਪਲਟੇ ਵਾਹਨਾਂ ਨੂੰ ਸਿੱਧਾ ਕਰਨ ਲਈ ਕਰੇਨਾਂ ਦੀ ਵਰਤੋਂ ਕਰਨੀ ਪਈ, ਜਿਨ੍ਹਾਂ ਨੂੰ ਬਾਅਦ ’ਚ ਸੜਕ ਤੋਂ ਪਾਸੇ ਹਟਾਇਆ ਗਿਆ। ਇਸ ਹਾਦਸੇ ਵਿੱਚ ਪਰਿਵਾਰ ਦੇ ਕੁੱਲ ਅੱਠ ’ਚੋਂ ਛੇ ਜੀਅ ਗੁਆਉਣ ਵਾਲੇ ਦਿਲਸ਼ਾਦ ਨੇ ਕਿਹਾ, ‘ਹਾਦਸੇ ਸਮੇਂ ਅਸੀਂ ਸੌਂ ਰਹੇ ਸੀ ਤੇ ਜਦੋਂ ਸਾਡੀ ਜਾਗ ਖੁੱਲ੍ਹੀ ਤਾਂ ਅਸੀਂ ਬੱਸ ’ਚ ਫਸੇ ਹੋਏ ਸਾਂ। ਘਟਨਾ ਸਥਾਨ ’ਤੇ ਪੁੱਜਣ ਵਾਲੇ ਲੋਕ ਮਦਦ ਦੀ ਥਾਂ ਵੀਡੀਓ ਰਿਕਾਰਡ ਕਰਨ ’ਚ ਲੱਗੇ ਹੋਏ ਸਨ।’’ ਉਸ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਨੇ ਸਾਰੀ ਰਾਤ ਸਪੀਡ ਕਾਫ਼ੀ ਤੇਜ਼ ਰੱਖੀ ਸੀ। ਇਸ ਦੌਰਾਨ ਰਾਸ਼ਟਰਪਤੀ ਦਰੌਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਦਾ ਐਕਸਗ੍ਰੇਸ਼ੀਆ ਦੇਣ ਜਦਕਿ ਜ਼ਖਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਐਕਸ ’ਤੇ ਪੋਸਟ ਪਾਉਂਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਚੰਗਾ ਇਲਾਜ ਮੁਹੱਈਆ ਕਰਵਾਉਣ ਲਈ ਨਿਰਦੇਸ਼ ਦਿੱਤੇ ਹਨ। ਦੂਜੇ ਪਾਸੇ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -ਪੀਟੀਆਈ
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 2 ਲੱਖ ਦਾ ਐਕਸਗ੍ਰੇਸ਼ੀਆ ਐਲਾਨਿਆ
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੜਕ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਬਿਹਾਰ ਨਾਲ ਸਬੰਧਤ ਮ੍ਰਿਤਕਾਂ ਦੇ ਵਾਰਸਾਂ ਨੂੰ 2 ਲੱਖ ਰੁਪਏ ਦਾ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ