16 ਕਿਲੋ ਅਫੀਮ ਸਣੇ ਤਿੰਨ ਗ੍ਰਿਫ਼ਤਾਰ
ਸਰਬਜੀਤ ਸਿੰਘ ਭੰਗੂ/ਰਵੇਲ ਸਿੰਘ ਭਿੰਡਰ
ਪਟਿਆਲਾ/ਘੱਗਾ, 12 ਮਈ
ਆਈਪੀਐੱਸ ਅਧਿਕਾਰੀ ਵਰੁਣ ਸ਼ਰਮਾ ਵੱਲੋਂ ਜ਼ਿਲ੍ਹੇ ਦੇ ਸਮੂਹ ਪੁਲੀਸ ਅਧਿਕਾਰੀਆਂ ਨੂੰ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਾਕੀਦ ਤਹਿਤ ਪਟਿਆਲਾ ਪੁਲੀਸ ਅਤੇ ਕਾਂਊਟਰ ਇੰਟੈਲੀਜੈਂਸ ਨੇੇ ਇੱਕ ਸਾਂਝੇ ਅਪ੍ਰੇਸ਼ਨ ਦੌਰਾਨ ਇੱਕ ਅੰਤਰਰਾਜੀ ਨਸ਼ਾ ਤਸਕਰ ਗਰੋਹ ਦੇ ਤਿੰਨ ਮੈਂਬਰਾਂ ਕੋਲੋਂ 15 ਕਿੱਲੋ 680 ਗ੍ਰਾਮ ਅਫੀਮ ਅਤੇ 2.30 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪਟਿਆਲਾ ਜ਼ਿਲ੍ਹੇ ਅੰਦਰ ਇਸ ਸਾਲ ਅਫੀਮ ਦੀ ਸਭ ਤੋਂ ਵੱਡੀ ਬਰਮਾਦਗੀ ਹੈ। ਅੱਜ ਪੁਲੀਸ ਲਾਈਨ ਪਟਿਆਲਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਦੇ ਐੱਸਪੀ ਇਨਵੈਸ਼ਟੀਗੇਸ਼ਨ ਗੁਰਬੰਸ ਸਿੰਘ ਬੈਂਸ ਦੀ ਦੇਖ-ਰੇਖ ਅਤੇ ਪਾਤੜਾਂ ਦੇ ਡੀਐੱਸਪੀ ਇੰਦਰਪਾਲ ਚੌਹਾਨ ਦੀ ਅਗਵਾਈ ਹੇਠਾਂ ਥਾਣਾ ਘੱਗਾ ਦੇ ਮੁਖੀ ਰਸ਼ਿਵੰਦਰ ਸਿੰਘ (ਟਰੇਨੀ ਡੀਐੱਸਪੀ) ਅਤੇ ਕਾਊਂਟਰ ਇੰਟੈਲੀਜੈਂਸੀ ਦੇ ਇੰਸਪੈਕਟਰ ਹਰਪ੍ਰੀਤ ਸਿੰਘ ਦੀਆਂ ਟੀਮਾਂ ਨੇ ਮੁਲਜ਼ਮ ਅਮਰਜੀਤ ਸਿੰਘ, ਹਰਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਵਾਸੀ ਸੁਨਾਮ ਨੂੰ ਕਾਬੂ ਕੀਤਾ। ਕਰੇਟਾ ਕਾਰ ’ਚ ਸਵਾਰ ਗਰੋਹ ਨੂੰ ਕੁਲਵਾਣੂ ਪਿੰਡ ਕੋਲੋਂ ਦਬੋਚਿਆ ਗਿਆ। ਐੱਸਪੀ ਗੁਰਬੰਸ ਬੈਂਸ ਨੇ ਕਿਹਾ ਕਿ ਪੁਲੀਸ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਪੁੱਛ ਪੜਤਾਲ ਕੀਤੀ ਜਾਵੇਗੀ।
ਦੋ ਮਹਿਲਾਵਾਂ ਹੈਰੋਇਨ ਸਣੇ ਗ੍ਰਿਫ਼ਤਾਰ
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਸਥਾਨਕ ਪੁਲੀਸ ਨੇ ਹੈਰੋਇਨ ਸਣੇ ਦੋ ਮਹਿਲਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸੁਨਾਮ ਸ਼ਹਿਰੀ ਦੇ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਪੁਲੀਸ ਪਾਰਟੀ ਨਾਲ ਨਵੀਂ ਅਨਾਜ ਮੰਡੀ ਦੇ ਸ਼ੈੱਡਾਂ ਹੇਠ ਬਣੀ ਸਟੇਜ ਨੇੜਿਓਂ ਮੁਲਜ਼ਮ ਮਨਜੀਤ ਕੌਰ ਵਾਸੀ ਸੁਨਾਮ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਪੁਲਪਸ ਥਾਣਾ ਸ਼ਹਿਰੀ ਸੁਨਾਮ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਪੁਲੀਸ ਪਾਰਟੀ ਨਾਲ ਨਵੀਂ ਅਨਾਜ ਮੰਡੀ ਦੇ ਸ਼ੈੱਡਾਂ ਹੇਠ ਖੜ੍ਹੀ ਪਰਮਜੀਤ ਕੌਰ ਉਰਫ਼ ਕਾਲੀ ਵਾਸੀ ਸੰਗਾਲੀ ਕੋਲੋਂ ਤਲਾਸ਼ੀ ਦੌਰਾਨ 10 ਗ੍ਰਾਮ ਹੈਰੋਇਨ ਬਰਾਮਦ ਕੀਤੀ।