ਨਾਜਾਇਜ਼ ਖਣਨ ਕਰਨ ਵਾਲਿਆਂ ਖ਼ਿਲਾਫ 1360 ਕੇਸ ਦਰਜ: ਗੋਇਲ
ਆਤਿਸ਼ ਗੁਪਤਾ
ਚੰਡੀਗੜ੍ਹ, 21 ਨਵੰਬਰ
ਖਣਨ ਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਨਾਜਾਇਜ਼ ਖਣਨ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ ਅਤੇ ‘ਆਪ’ ਸਰਕਾਰ ਨੇ ਅਪਰੈਲ 2022 ਤੋਂ ਅਕਤੂਬਰ 2024 ਤੱਕ ਸੂਬੇ ’ਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿਰੁੱਧ 1,360 ਪੁਲੀਸ ਕੇਸ ਦਰਜ ਕੀਤੇ ਹਨ। ਉਨ੍ਹਾਂ ਨੇ ਇਹ ਦਾਅਵਾ ਅੱਜ ਇੱਥੇ ਖਣਨ ਵਿਭਾਗ ਦੇ ਅਧਿਕਾਰੀਆਂ ਅਤੇ ਕਮਰਸ਼ੀਅਲ ਮਾਈਨਿੰਗ ਸਾਈਟਾਂ (ਸੀਐੱਮਐੱਸ) ਦੇ ਠੇਕੇਦਾਰਾਂ ਨਾਲ ਮੀਟਿੰਗ ’ਚ ਕੀਤਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਨਹੀਂ ਬਖਸ਼ੇਗੀ। ਇਸ ਮੌਕੇ ਠੇਕੇਦਾਰਾਂ ਨੇ ਖਣਨ ਮੰਤਰੀ ਮੂਹਰੇ ਆਪਣੀਆਂ ਮੰਗਾਂ ਰੱਖੀਆਂ ਤੇ ਉਨ੍ਹਾਂ ਨੇ ਸਮੱਸਿਆਵਾਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ। ਗੋਇਲ ਨੇ ਕਿਹਾ ਕਿ ਦੂਜੇ ਰਾਜਾਂ ਤੋਂ ਖਣਿਜ ਪਦਾਰਥਾਂ ਦੀ ਢੋਆ-ਢੁਆਈ ਕਰਨ ਵਾਲੇ ਓਵਰਲੋਡ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਸਬੰਧੀ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤੇ ਜਾਣਗੇ। ਉਨ੍ਹਾਂ ਕਮਰਸ਼ੀਅਲ ਮਾਈਨਿੰਗ ਸਾਈਟਾਂ ਦੇ ਠੇਕੇਦਾਰਾਂ ਨੂੰ ਲੋਕਾਂ ਲਈ ਵਾਜਬ ਦਰਾਂ ’ਤੇ ਰੇਤਾ ਤੇ ਬੱਜਰੀ ਉਪਲੱਬਧ ਕਰਵਾਉਣਾ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਕਈ ਆਗੂ ਰੇਤ ਮਾਫੀਆ ਨਾਲ ਕਥਿਤ ਘਿਓ-ਖਿਚੜੀ ਸਨ, ਸੂਬੇ ਦੇ ਸਰੋਤਾਂ ਦੀ ਲੁੱਟ ਕੀਤੀ ਗਈ ਪਰ ਮੌਜੂਦਾ ਸਰਕਾਰ ਕਿਸੇ ਨੂੰ ਵੀ ਗ਼ੈਰਕਾਨੂੰਨੀ ਮਾਈਨਿੰਗ ਨਹੀਂ ਕਰਨ ਦੇਵੇਗੀ।
ਸਰਕਾਰ ਵੱਲੋਂ 150 ਜਨਤਕ ਤੇ 100 ਵਪਾਰਕ ਖਣਨ ਸਾਈਟਾਂ ਖੋਲ੍ਹਣ ਦਾ ਟੀਚਾ
ਕੈਬਨਿਟ ਮੰਤਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ’ਚ ਕੁੱਲ 150 ਜਨਤਕ ਮਾਈਨਿੰਗ ਸਾਈਟਾਂ ਅਤੇ 100 ਵਪਾਰਕ ਮਾਈਨਿੰਗ ਸਾਈਟਾਂ ਖੋਲ੍ਹਣ ਦਾ ਟੀਚਾ ਰੱਖਿਆ ਹੈ ਜਿਸ ਨਾਲ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਦੀ ਲੁੱਟ-ਖਸੁੱਟ ਕਰਨ ਵਾਲੇ ਰੇਤ ਮਾਫੀਆ ਦਾ ਖ਼ਾਤਮਾ ਕਰ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਸਸਤੇ ਦਰਾਂ ’ਤੇ ਰੇਤਾ ਉਪਲਬਧ ਕਰਵਾਈ ਜਾ ਸਕੇ। ਹੁਣ ਜਨਤਕ ਤੇ ਵਪਾਰਕ ਮਾਈਨਿੰਗ ਸਾਈਟਾਂ ’ਤੇ ਰੇਤ ਸਿਰਫ਼ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਉਪਲੱਬਧ ਹੈ।