ਵਾਇਨਾਡ ਵਿੱਚ ਢਿੱਗਾਂ ਖਿਸਕਣ ਕਾਰਨ 123 ਮੌਤਾਂ
* ਭਾਰੀ ਮੀਂਹ ਮਗਰੋਂ ਤੜਕੇ ਵਾਪਰੀ ਘਟਨਾ
* ਸੈਨਾ, ਐੱਨਡੀਆਰਐੱਫ ਤੇ ਹੋਰ ਏਜੰਸੀਆਂ ਵੱਲੋਂ ਬਚਾਅ ਤੇ ਰਾਹਤ ਕਾਰਜ ਜਾਰੀ
* ਰਾਹੁਲ ਤੇ ਪ੍ਰਿਯੰਕਾ ਜਲਦੀ ਹੀ ਜਾਣਗੇ ਵਾਇਨਾਡ
ਵਾਇਨਾਡ, 30 ਜੁਲਾਈ
ਕੇਰਲ ਦੇ ਪਹਾੜੀ ਜ਼ਿਲ੍ਹੇ ਵਾਇਨਾਡ ’ਚ ਅੱਜ ਤੜਕੇ ਭਾਰੀ ਮੀਂਹ ਮਗਰੋਂ ਕਈ ਥਾਵਾਂ ’ਤੇ ਢਿੱਗਾਂ ਖਿਸਕਣ ਦੀਆਂ ਘਟਨਾਵਾਂ ’ਚ ਘੱਟ ਤੋਂ ਘੱਟ 123 ਵਿਅਕਤੀਆਂ ਦੀ ਮੌਤ ਹੋ ਗਈ ਤੇ 128 ਵਿਅਕਤੀ ਜ਼ਖ਼ਮੀ ਹੋ ਗਏ ਹਨ। ਵੱਡੀ ਗਿਣਤੀ ’ਚ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਫੌਜ, ਜਲ ਸੈਨਾ ਤੇ ਐੱਨਡੀਆਰਐੱਫ ਦੀਆਂ ਸਾਂਝੀਆਂ ਟੀਮਾਂ ਬਚਾਅ ਤੇ ਰਾਹਤ ਕਾਰਜਾਂ ’ਚ ਜੁਟੀਆਂ ਹੋਈਆਂ ਹਨ। ਇਸੇ ਦੌਰਾਨ ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਜਲਦੀ ਹੀ ਵਾਇਨਾਡ ਦਾ ਦੌਰਾ ਕਰਨਗੇ।
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਦੱਸਿਆ ਕਿ ਉੱਤਰੀ ਵਾਇਨਾਡ ਜ਼ਿਲ੍ਹੇ ’ਚ ਢਿੱਗਾਂ ਖਿਸਕਣ ਦੀਆਂ ਘਟਨਾਵਾਂ ’ਚ 123 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 128 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਵੱਡੇ ਪੱਧਰ ’ਤੇ ਤਬਾਹੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ 34 ਮ੍ਰਿਤਕਾਂ ਦੀ ਸ਼ਨਾਖ਼ਤ ਹੋਈ ਹੈ ਜਿਨ੍ਹਾਂ ’ਚੋਂ 18 ਲਾਸ਼ਾਂ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 16 ਲਾਸ਼ਾਂ ਪੋਥੂਕਲ ਪਿੰਡ ਨੇੜੇ ਚਲਿਆਰ ਨਦੀ ’ਚੋਂ ਬਰਾਮਦ ਹੋਈਆਂ ਹਨ। ਬਚਾਅ ਤੇ ਰਾਹਤ ਕਾਰਜਾਂ ਦੌਰਾਨ ਮਲਬੇ ਹੇਠੋਂ ਮਨੁੱਖੀ ਅੰਗ ਵੀ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਢਿੱਗਾਂ ਖਿਸਕਣ ਦੀ ਪਹਿਲੀ ਘਟਨਾ ਤੜਕੇ 2 ਵਜੇ ਅਤੇ ਦੂਜੀ ਘਟਨਾ ਤੜਕੇ 4.30 ਵਜੇ ਦੇ ਕਰੀਬ ਵਾਪਰੀ। ਘਟਨਾ ਸਮੇਂ ਲੋਕ ਆਪਣੇ ਘਰਾਂ ’ਚ ਸੁੱਤੇ ਪਏ ਸਨ। ਭਾਰੀ ਮੀਂਹ ਮਗਰੋਂ ਢਿੱਗਾਂ ਖਿਕਸਣ ਕਾਰਨ ਵੱਡੀ ਗਿਣਤੀ ਲੋਕ ਮਲਬੇ ਹੇਠ ਦਬ ਗਏ ਜਦਕਿ ਕਈ ਲੋਕ ਰੁੜ੍ਹ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 45 ਕੈਂਪ ਸਥਾਪਤ ਕੀਤੇ ਗਏ ਹਨ ਤੇ ਤਕਰੀਬਨ 3069 ਲੋਕਾਂ ਨੂੰ ਇੱਥੇ ਪਨਾਹ ਦਿੱਤੀ ਗਈ ਹੈ। ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਮੈੱਪਡੀ ਜ਼ਿਲ੍ਹੇ ਦੇ ਪਹਾੜੀ ਇਲਾਕਿਆਂ ’ਚ ਕਈ ਥਾਵਾਂ ’ਤੇ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ’ਚ ਵਾਧਾ ਹੋ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਚਿੱਕੜ ਤੇ ਮਲਬੇ ਹੇਠੋਂ ਹੁਣ ਤੱਕ 93 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਅਜੇ ਮ੍ਰਿਤਕਾਂ ਦੀ ਅਸਲ ਗਿਣਤੀ ਬਾਰੇ ਅਨੁਮਾਨ ਨਹੀਂ ਲਾਇਆ ਜਾ ਸਕਦਾ। ਮ੍ਰਿਤਕਾਂ ’ਚ ਕਈ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਹਨ। ਮਲਬੇ ਹੇਠੋਂ ਬਰਾਮਦ ਹੋਈਆਂ ਲਾਸ਼ਾਂ ਪਛਾਣ ਤੇ ਪੋਸਟਮਾਰਟਮ ਲਈ ਵੱਖ ਵੱਖ ਹਸਪਤਾਲਾਂ ਦੇ ਮੁਰਦਾਖ਼ਾਨਿਆਂ ’ਚ ਰਖਵਾਈਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੁੰਡਕਈ, ਚੂਰਾਲਮਲਾ, ਅੱਟਾਮਲਾ ਤੇ ਨੂਲਪੁਜ਼ਾ ਪਿੰਡ ਇਸ ਤ੍ਰਾਸਦੀ ਦੇ ਸ਼ਿਕਾਰ ਹੋਏ ਹਨ। ਭਾਰਤੀ ਸੈਨਾ, ਜਲ ਸੈਨਾ, ਐੱਨਡੀਆਰਐੱਫ, ਪੁਲੀਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜਾਂ ’ਚ ਜੁਟੀਆਂ ਹੋਈਆਂ ਹਨ। ਇਸ ਤ੍ਰਾਸਦੀ ’ਚ ਜ਼ਖ਼ਮੀ ਹੋਏ ਲੋਕਾਂ ਨੂੰ ਵੱਖ ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਇਸੇ ਦੌਰਾਨ ਕੇਰਲ ਸਰਕਾਰ ਨੇ ਬਚਾਅ ਕਾਰਜਾਂ ’ਚ ਤੇਜ਼ੀ ਲਿਆਉਣ ਲਈ ਰੱਖਿਆ ਬਲਾਂ ਤੋਂ ਮਦਦ ਮੰਗੀ ਹੈ। ਘਟਨਾ ਸਥਾਨ ’ਤੇ ਮੈਡੀਕਲ ਟੀਮਾਂ ਵੀ ਭੇਜੀਆਂ ਗਈਆਂ ਹਨ। ਭਾਰਤੀ ਹਵਾਈ ਸੈਨਾ ਦੇ ਦੋ ਹੈਲੀਕਾਪਟਰ ਵੀ ਮੌਕੇ ’ਤੇ ਮਦਦ ਲਈ ਭੇਜੇ ਗਏ ਹਨ। ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਫੋਨ ’ਤੇ ਗੱਲ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਉਨ੍ਹਾਂ ਬਚਾਅ ਤੇ ਰਾਹਤ ਕਾਰਜਾਂ ’ਚ ਸੂਬੇ ਵੱਲੋਂ ਪੂਰੀ ਹਮਾਇਤ ਦਾ ਭਰੋਸਾ ਦਿੰਦਿਆਂ ਤੁਰੰਤ ਇੱਕ ਟੀਮ ਭੇਜਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਤਾਮਿਲਨਾਡੂ ਦੇ ਅਧਿਕਾਰੀਆਂ ਨੂੰ ਰਾਹਤ ਗਤੀਵਿਧੀਆਂ ਲਈ ਗੁਆਂਢੀ ਸੂਬੇ ਨੂੰ ਪੰਜ ਕਰੋੜ ਰੁਪਏ ਜਾਰੀ ਕਰਨ ਦਾ ਨਿਰਦੇਸ਼ ਦਿੱਤਾ।
ਇਸੇ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਵੀ ਵਾਇਨਾਡ ’ਚ ਵਾਪਰੀ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਗੁਆਂਢੀ ਸੂਬੇ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। -ਪੀਟੀਆਈ
ਸ਼ਾਹ ਵੱਲੋਂ ਵਿਜਯਨ ਨੂੰ ਹਰ ਸੰਭਵ ਮਦਦ ਦਾ ਭਰੋਸਾ
ਨਵੀਂ ਦਿੱਲੀ:
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਫੋਨ ’ਤੇ ਗੱਲ ਕਰਕੇ ਵਾਇਨਾਡ ਦੇ ਹਾਲਾਤ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਵਿਜਯਨ ਨੂੰ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਇੱਕ ਅਧਿਕਾਰੀ ਨੇ ਕਿਹਾ, ‘ਗ੍ਰਹਿ ਮੰਤਰੀ ਨੇ ਕੇਰਲ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਅਤੇ ਵਾਇਨਾਡ ਦੇ ਹਾਲਾਤ ਦਾ ਜਾਇਜ਼ਾ ਲਿਆ।’ ਇਸ ਤੋਂ ਪਹਿਲਾਂ ਸ਼ਾਹ ਨੇ ਵਾਇਨਾਡ ’ਚ ਢਿੱਗਾਂ ਖਿਸਕਣ ਦੀ ਘਟਨਾ ’ਤੇ ਚਿੰਤਾ ਜ਼ਾਹਿਰ ਕੀਤੀ। -ਪੀਟੀਆਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਆਵਜ਼ੇ ਦਾ ਐਲਾਨ
ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਇਨਾਡ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ। ਮੋਦੀ ਨੇ ਐਕਸ ’ਤੇ ਲਿਖਿਆ, ‘ਵਾਇਨਾਡ ’ਚ ਕੁਝ ਥਾਵਾਂ ’ਤੇ ਢਿੱਗਾਂ ਖਿਸਕਣ ਦੀ ਖ਼ਬਰ ਸੁਣ ਕੇ ਦੁਖੀ ਹਾਂ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਸਾਰੇ ਲੋਕਾਂ ਨਾਲ ਹਨ ਜਿਨ੍ਹਾਂ ਆਪਣੇ ਪਿਆਰਿਆਂ ਨੂੰ ਗੁਆਇਆ ਹੈ ਅਤੇ ਜੋ ਜ਼ਖ਼ਮੀ ਹੋਏ ਹਨ ਮੈਂ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਪ੍ਰਭਾਵਤ ਲੋਕਾਂ ਦੀ ਮਦਦ ਲਈ ਬਚਾਅ ਮੁਹਿੰਮ ਜਾਰੀ ਹੈ।’ -ਪੀਟੀਆਈ
ਵਾਇਨਾਡ ਵਿੱਚ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ: ਰਾਹੁਲ
ਨਵੀਂ ਦਿੱਲੀ:
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਰਲ ਦੇ ਵਾਇਨਾਡ ’ਚ ਢਿੱਗਾਂ ਖਿਸਕਣ ਦਾ ਮੁੱਦਾ ਅੱਜ ਲੋਕ ਸਭਾ ’ਚ ਚੁੱਕਿਆ ਤੇ ਕੇਂਦਰ ਸਰਕਾਰ ਨੂੰ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਅਤੇ ਅਜਿਹੀਆਂ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਕਾਰਜ ਯੋਜਨਾ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਸਦਨ ’ਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਚੁੱਕਿਆ। ਰਾਹੁਲ ਗਾਂਧੀ ਪਿਛਲੀ ਲੋਕ ਸਭਾ ਦੌਰਾਨ ਵਾਇਨਾਡ ਤੋਂ ਨੁਮਾਇੰਦੇ ਸਨ। ਰਾਹੁਲ ਗਾਂਧੀ ਨੇ ਸਦਨ ’ਚ ਕਿਹਾ, ‘ਅੱਜ ਵਾਇਨਾਡ ’ਚ ਵੱਡੇ ਪੱਧਰ ’ਤੇ ਢਿੱਗਾਂ ਖਿਸਕੀਆਂ ਹਨ। ਕਿਸ ਪੱਧਰ ’ਤੇ ਨੁਕਸਾਨ ਹੋਇਆ ਹੈ, ਅਜੇ ਮੁਲਾਂਕਣ ਕਰਨਾ ਬਾਕੀ ਹੈ ਕਿਉਂਕਿ ਇਹ ਆਫ਼ਤ ਬਹੁਤ ਵੱਡੀ ਹੈ।’ ਉਨ੍ਹਾਂ ਕਿਹਾ, ‘ਮੈਂ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਗੱਲ ਕੀਤੀ ਹੈ। ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਬਚਾਅ ਕਾਰਜ ਤੇ ਮੈਡੀਕਲ ਸੰਭਾਲ ਲਈ ਹਰ ਸੰਭਵ ਮਦਦ ਕੀਤੀ ਜਾਵੇ। ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ ਤੇ ਮੁਆਵਜ਼ੇ ਦੀ ਰਾਸ਼ੀ ਵਧਾਈ ਜਾਵੇ।’ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੇਰਲ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਦੂਜੇ ਪਾਸੇ ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਜੇਪੀ ਨੱਢਾ ਨੇ ਕਿਹਾ ਕਿ ਸਥਿਤੀ ਕੰਟਰੋਲ ਹੇਠ ਕਰਨ ਵਿੱਚ ਭਾਰਤ ਸਰਕਾਰ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਕਿਹਾ, ‘ਇਹ ਬਹੁਤ ਵੱਡੀ ਤ੍ਰਾਸਦੀ ਹੈ ਅਤੇ ਇਸ ਨੂੰ ਲੈ ਕੇ ਸਿਰਫ਼ ਕੇਰਲ ਹੀ ਨਹੀਂ ਪੂਰਾ ਦੇਸ਼ ਦੁਖੀ ਹੈ। ਜੋ ਵੀ ਜ਼ਰੂਰੀ ਹੈ ਕੀਤਾ ਜਾ ਰਿਹਾ ਹੈ ਅਤੇ ਜੋ ਵੀ ਜ਼ਰੂਰਤ ਹੋਵੇਗੀ, ਪੂਰੀ ਕੀਤੀ ਜਾਵੇਗੀ।’ -ਪੀਟੀਆਈ