ਮਹਾਰਾਸ਼ਟਰ-ਛੱਤੀਸਗੜ੍ਹ ਹੱਦ ’ਤੇ ਮੁਕਾਬਲੇ ’ਚ 12 ਨਕਸਲੀ ਹਲਾਕ
ਗੜ੍ਹਚਿਰੌਲੀ, 17 ਜੁਲਾਈ
ਛੱਤੀਸਗੜ੍ਹ ਦੀ ਹੱਦ ਨੇੜੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ’ਚ ਅੱਜ ਪੁਲੀਸ ਅਤੇ ਕਮਾਂਡੋਜ਼ ਨਾਲ ਮੁਕਾਬਲੇ ਦੌਰਾਨ 12 ਨਕਸਲੀ ਮਾਰੇ ਗਏ ਅਤੇ ਦੋ ਸੁਰੱਖਿਆ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗੜ੍ਹਚਿਰੌਲੀ ਦੇ ਪੁਲੀਸ ਕਪਤਾਨ ਨਿਲੋਤਪਾਲ ਨੇ ਕਿਹਾ ਕਿ ਵੰਡੋਲੀ ਪਿੰਡ ਵਿੱਚ ਸੀ60 ਕਮਾਂਡੋਜ਼ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਦੁਪਹਿਰ ਸਮੇਂ ਸ਼ੁਰੂ ਹੋਇਆ ਤੇ ਛੇ ਘੰਟੇ ਜਾਰੀ ਰਿਹਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੌਕੇ ਤੋਂ ਨਕਸਲੀਆਂ ਦੀ 12 ਲਾਸ਼ਾਂ ਤੋਂ ਇਲਾਵਾ ਤਿੰਨ ਏਕੇ47 ਰਾਈਫਲਾਂ, ਦੋ ਇੰਸਾਸ ਰਾਈਫਲਾਂ, ਇੱਕ ਕਾਰਬਾਈਨ ਤੇ ਇੱਕ ਐੱਸਐੱਲਆਰ ਆਦਿ ਬਰਾਮਦ ਕੀਤੇ ਹਨ। ਮਾਰੇ ਗਏ ਨਕਸਲੀਆਂ ’ਚੋਂ ਇੱੱਕ ਦੀ ਪਛਾਣ ਡੀਵੀਸੀਐੱਮ ਲਕਸ਼ਮਨ ਅਤਰਾਮ ਉਰਫ਼ ਵਿਸ਼ਾਲ ਅਤਰਾਮ ਵਜੋਂ ਹੋਈ ਹੈ ਜੋ ਕਿ ਤਿਪਾਗੜ੍ਹ ਦਾਲਾਮ ਇਲਾਕੇ ਦਾ ਇੰਚਾਰਜ ਸੀ। ਨਿਲੋਤਪਾਲ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਨੇ ਸੀ60 ਕਮਾਂਡੋ ਟੀਮਾਂ ਤੇ ਗੜ੍ਹਚਿਰੌਲੀ ਪੁਲੀਸ ਨੂੰ 51 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ
ਮਾਓਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ
ਚਾਇਬਾਸਾ: ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਅਤੇ ਲੋੜੀਂਦੇ ਮਾਓਵਾਦੀ ਮਿਸਿਰ ਬੇਸਰਾ ਦੇ ਗਰੁੱਪ ਵਿਚਾਲੇ ਮੁਕਾਬਲਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਅੱਜ ਤੜਕੇ ਛੋਟਾਨਗਰ ਥਾਣੇ ਅਧੀਨ ਪੈਂਦੇ ਦਲਾਈਗੜ੍ਹ ਪਿੰਡ ਦੇ ਜੰਗਲਾਤ ਇਲਾਕੇ ’ਚ ਹੋਇਆ।
ਐੱਸਪੀ ਆਸ਼ੁਤੋਸ਼ ਸ਼ੇਖਰ ਨੇ ਦੱਸਿਆ ਕਿ ਮਿਸਿਰ ਬੇਸਰਾ, ਜਿਸ ਦੇ ਸਿਰ ’ਤੇ ਇੱਕ ਕਰੋੜ ਰੁਪਏ ਦਾ ਇਨਾਮ ਹੈ, ਸਮੇਤ ਸਿਖਰਲੇ ਮਾਓਵਾਦੀਆਂ ਦੀ ਗਤੀਵਿਧੀ ਬਾਰੇ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਨੇ 14 ਜੁਲਾਈ ਨੂੰ ਛੋਟਾਨਗਰ ਤੇ ਮਨੋਹਰਪੁਰ ਥਾਣੇ ਅਧੀਨ ਆਉਂਦੇ ਜੰਗਲਾਤ ਖੇਤਰਾਂ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮਿਸਿਰਾ ਦੇ ਦਸਤੇ ਨਾਲ ਸੁਰੱਖਿਆ ਬਲਾਂ ਦਾ ਮੁਕਾਬਲਾ ਹੋ ਗਿਆ। ਉਨ੍ਹਾਂ ਦੱਸਿਆ ਕਿ ਸਵੇਰੇ 5.50 ਵਜੇ ਦਲਾਈਗੜ੍ਹ ਦੇ ਜੰਗਲ ’ਚ ਮਾਓਵਾਦੀਆਂ ਨੇ ਪੁਲੀਸ ਦੀ ਟੀਮ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤਾ ਜਿਸ ਦਾ ਸੁਰੱਖਿਆ ਬਲਾਂ ਨੇ ਢੁੱਕਵਾਂ ਜਵਾਬ ਦਿੱਤਾ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਵੱਡੀ ਮਾਤਰਾ ’ਚ ਹਥਿਆਰ, ਧਮਾਕਾਖੇਜ਼ ਸਮੱਗਰੀ ਤੇ ਹੋਰ ਚੀਜ਼ਾਂ ਬਰਾਮਦ ਹੋਈਆਂ ਹਨ। -ਪੀਟੀਆਈ