1150 ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 7 ਜਨਵਰੀ
ਸਮਾਜ ਸੇਵੀ ਕਾਰਜਾਂ ’ਚ ਮੋਹਰੀ ਸੰਸਥਾ ਐੱਸਜੀਬੀ ਚੈਰੀਟੇਬਲ ਸੁਸਾਇਟੀ ਵੱਲੋਂ ਸਥਾਨਕ ਕਪੂਰ ਪੈਲੇਸ ਵਿਖੇ 1150 ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਸਵਾਮੀ ਸ਼ੰਕਰਾ ਨੰਦ ਜੀ ਦੀ ਸਰਪ੍ਰਸਤੀ ਹੇਠ ਸਮਾਜ ਸੇਵੀ ਚਰਨਜੀਤ ਸਿੰਘ ਥੋਪੀਆ ਦੀ ਅਗਵਾਈ ਵਿਚ ਇਹ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਪੁੱਜੀਆਂ ਨਵਜੰਮੀਆਂ ਬੱਚਿਆਂ ਨੂੰ ਗਰਮ ਸੂਟ, ਗੱਚਕ, ਰਿਊੜੀਆਂ, ਖਿਡੌਣੇ, ਝੂਲੇ ਆਦਿ ਗਿਫ਼ਟ ਵਜੋਂ ਦਿੱਤੇ ਗਏ। ਨਵਜੰਮੀਆਂ 1150 ਧੀਆਂ ਨੂੰ ਲੋਹੜੀ ਦੇਣ ਉਪਰੰਤ ਲੋਹੜੀ ਦੀ ਰਸਮ ਧੂਣਾ ਬਾਲ ਕੇ ਨਿਭਾਈ ਗਈ ਜਿੱਥੇ ਇਲਾਕੇ ਦੀਆਂ ਔਰਤਾਂ ਵੱਲੋਂ ਬੋਲੀਆਂ ਪਾ ਕੇ ਖੁਸ਼ੀ ਮਨਾਈ ਗਈ।
ਇਸ ਮੌਕੇ ਸ਼ੰਕਰਾਨੰਦ ਜੀ ਅਤੇ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਇੰਚਾਰਜ ਕਾਂਗਰਸ ਰੁਪਿੰਦਰ ਸਿੰਘ ਰਾਜਾ ਗਿੱਲ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਨਵਜੰਮੀਆਂ ਬੱਚੀਆਂ ਨੂੰ ਲੋਹੜੀ ਵੰਡਣ ਦੀ ਰਸਮ ਅਦਾ ਕੀਤੀ। ਸੰਸਥਾ ਦੇ ਚੇਅਰਮੈਨ ਚਰਨਜੀਤ ਥੋਪੀਆ ਨੇ ਧੰਨਵਾਦ ਕੀਤਾ। ਇਸ ਮੌਕੇ ਕਸੂਤਰੀ ਲਾਲ ਮਿੰਟੂ, ਸੰਜੀਵ ਲੀਹਲ, ਪਰਮਿੰਦਰ ਤਿਵਾੜੀ, ਸੀਡੀਪੀਓ ਮੰਜੂ ਭੰਡਾਰੀ, ਸੀਡੀਪੀਓ ਜਗਮੋਹਨ ਕੌਰ, ਕੁਲਵਿੰਦਰ ਡਾਂਗੋਂ ਆਦਿ ਮੌਜੂਦ ਸਨ।