11 Indians died ਜੌਰਜੀਆ ਵਿਚ ਸ਼ੱਕੀ ਕਾਰਬਨ ਮੋਨੋਆਕਸਾਈਡ ਗੈਸ ਕਰਕੇ 11 ਭਾਰਤੀਆਂ ਦੀ ਮੌਤ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 16 ਦਸੰਬਰ
ਜੌਰਜੀਆ ਵਿਚ ਗੁਦੌਰੀ ਦੇ ਸਕੀ ਰਿਜ਼ੌਰਟ ’ਚ ਭਾਰਤੀ ਰੈਸਟੋਰੈਂਟ ਵਿਚ ਸ਼ੱਕੀ ਕਾਰਬਨ ਮੋਨੋਆਕਸਾਈਡ ਗੈਸ ਕਰਕੇ 11 ਭਾਰਤੀ ਨਾਗਰਿਕਾਂ ਸਣੇ 12 ਵਿਅਕਤੀਆਂ ਦੀ ਮੌਤ ਹੋ ਗਈ। ਇਹ ਸਾਰੇ ਪੀੜਤ ਜੌਰਜੀਆ-ਰੂਸ ਬਾਰਡਰ ਉੱਤੇ ਗੁਦੌਰੀ ਵਿਚ ਭਾਰਤੀ ਰੈਸਟੋਰੈਂਟ ‘ਹਵੇਲੀ’ ਦੇ ਮੁਲਾਜ਼ਮ ਦੱਸੇ ਜਾਂਦੇ ਹਨ। ਜੌਰਜੀਆ ਸਥਿਤ ਭਾਰਤੀ ਅੰਬੈਸੀ ਨੇ ਕਿਹਾ ਕਿ ਉਸ ਨੂੰ ਗੁਦੌਰੀ ਵਿਚ ਭਾਰਤੀ ਨਾਗਰਿਕਾਂ ਦੀ ਮੌਤ ਬਾਰੇ ਪਤਾ ਲੱਗਾ ਹੈ। ਅੰਬੈਸੀ ਨੇ ਐਕਸ ’ਤੇ ਕਿਹਾ, ‘‘ਪੀੜਤ ਪਰਿਵਾਰਾਂ ਲਈ ਡੂੰਘੀਆਂ ਸੰਵੇਦਨਾਵਾਂ। ਮਿਸ਼ਨ ਜਾਨ ਗੁਆਉਣ ਵਾਲੇ ਭਾਰਤੀ ਨਾਗਰਿਕਾਂ ਬਾਰੇ ਵੇਰਵਿਆਂ ਲਈ ਸਥਾਨਕ ਅਥਾਰਿਟੀਜ਼ ਦੇ ਸੰਪਰਕ ਵਿਚ ਹੈ। ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।’’ ਜੌਰਜੀਆ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਸਾਰੀਆਂ ਮੌਤਾਂ ਭਾਰਤੀ ਰੈਸਟੋਰੈਂਟ ਦੀ ਦੂਜੀ ਮੰਜ਼ਿਲ ਉੱਤੇ ਰੈਸਟਿੰਗ ਏਰੀਏ ਵਿਚ ਹੋਈਆਂ ਹਨ। ਇਥੋਂ ਰੈਸਟੋਰੈਂਟ ਵਿਚ ਕੰਮ ਕਰਦੇ 12 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਬਿਆਨ ਮੁਤਾਬਕ ਮ੍ਰਿਤ ਮੁਲਾਜ਼ਮਾਂ ਦੇ ਸਰੀਰ ਉੱਤੇ ਸੱਟ ਜਾਂ ਜ਼ੋਰ ਜ਼ਬਰਦਸਤੀ ਦਾ ਕੋਈ ਨਿਸ਼ਾਨ ਨਹੀਂ ਹੈ। ਸ਼ੁਰੂਆਤੀ ਜਾਂਚ ਮੁਤਾਬਕ ਇਨਡੋਰ ਏਰੀਏ ਵਿਚ ਪਾਵਰ ਜਨਰੇਟਰ ਰੱਖਿਆ ਸੀ, ਜੋ ਬੈੱਡਰੂਮਾਂ ਦੇ ਕਾਫੀ ਨੇੜੇ ਸੀ। ਲੰਘੇ ਦਿਨ ਬਿਜਲੀ ਜਾਣ ਮਗਰੋਂ ਜਨਰੇਟਰ ਚਲਾਇਆ ਗਿਆ ਸੀ। ਪਾਵਰ ਜਨਰੇਟਰਾਂ ਦੇ ਨਿਕਾਸੀ ਧੂੰਏਂ ਵਿਚ ਮੋਨੋਆਕਸਾਈਡ ਜ਼ਹਿਰ ਦੇ ਜੋਖਮ ਕਰਕੇ ਪਾਵਰ ਜਨਰੇਟਰਾਂ ਨੂੰ ਆਮ ਕਰਕੇ ਸਿਰਫ ਬਾਹਰ ਹੀ ਚਲਾਇਆ ਜਾਣਾ ਚਾਹੀਦਾ ਹੈ।