Canada: ਜਗਮੀਤ ਦੇ ਤੋੜ ਵਿਛੋੜੇ ਦੇ ਐਲਾਨ ਤੋਂ ਬਾਅਦ ਟਰੂਡੋ ਸਰਕਾਰ ਦੀ ਕਿਸ਼ਤੀ ਮੰਝਧਾਰ ‘ਚ ਫਸੀ
ਗੁਰਮਲਕੀਅਤ ਸਿੰਘ ਕਾਹਲੋਂ/ਸੁਰਿੰਦਰ ਮਾਵੀ
ਵੈਨਕੂਵਰ/ ਵਿਨੀਪੈਗ, 21 ਦਸੰਬਰ
ਕੈਨੇਡਾ ਵਿੱਚ ਕਰੀਬ ਤਿੰਨ ਸਾਲਾਂ ਤੋਂ ਨੈਸ਼ਨਲ ਡੈਮੋਕਰੈਟਿਕ ਪਾਰਟੀ ਦੇ ਬਾਹਰੀ ਸਮਰਥਨ ਨਾਲ ਚੱਲ ਰਹੀ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਦੀ ਸਰਕਾਰ ਨੂੰ ਆਉਂਦੀ 27 ਜਨਵਰੀ ਨੂੰ ਸਤਾ ਤੋਂ ਪਾਸੇ ਹੋਣਾ ਪੈ ਸਕਦਾ ਹੈ। ਕਿਉਂਕਿ ਐਨਡੀਪੀ ਆਗੂ ਜਗਮੀਤ ਸਿੰਘ ਨੇ ਅੱਜ ਐਲਾਨ ਕੀਤਾ ਕਿ ਉਹ ਆਉਂਣ ਵਾਲੇ ਸੰਸਦੀ ਸੈਸ਼ਨ ਦੇ ਪਹਿਲੇ ਦਿਨ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਉਣਗੇ।
ਹਾਲਾਂਕਿ ਬੀਤੇ ਦੋ ਮਹੀਨਿਆਂ ਦੌਰਾਨ ਮੁੱਖ ਵਿਰੋਧੀ ਪਾਰਟੀ ਦੇ ਆਗੂ ਪੀਅਰ ਪੋਲੀਏਵ ਵਲੋਂ ਲਿਆਂਦੇ ਤਿੰਨ ਬੇਭਰੋਸਗੀ ਮਤਿਆਂ ਮੌਕੇ ਇਹੀ ਪਾਰਟੀ (ਐਨਡੀਪੀ) ਸਰਕਾਰ ਦਾ ਸਾਥ ਦੇ ਕੇ ਉਸਦਾ ਬਚਾਅ ਕਰਦੀ ਰਹੀ ਹੈ। ਜਗਮੀਤ ਸਿੰਘ ਵਲੋਂ ਖ਼ੁਦ ਬੇਭਰੋਸਗੀ ਮਤਾ ਲਿਆਉਂਣ ਦੇ ਬਿਆਨ ਤੋਂ ਬਾਅਦ ਸਿਆਸੀ ਸੂਝ ਰੱਖਦੇ ਲੋਕਾਂ ਦੋਹਾਂ ਪਾਰਟੀਆਂ ਦੇ ਤੋੜ-ਵਿਛੋੜੇ ਦੇ ਕਿਆਸ ਲਾਏ ਜਾ ਰਹੇ ਹਨ।
ਦੱਸਣਯੋਗ ਹੈ ਕਿ ਟੋਰੀ ਪਾਰਟੀ ਬੇਭਰੋਸਗੀ ਮਤਾ ਲਿਆ ਨਹੀਂ ਸਕਦੀ, ਕਿਉਂਕਿ ਉਸਦੇ ਆਗੂ ਨੇ ਤਿੰਨ ਵਾਰ ਬੇਭਰੋਸਗੀ ਮਤੇ ਪੇਸ਼ ਕਰਕੇ ਆਪਣੇ ਮੌਕੇ ਗਵਾ ਲਏ ਹਨ। ਤਿੰਨਾਂ ਮਤਿਆਂ ਮੌਕੇ ਉਨ੍ਹਾਂ ਨੂੰ ਕਿਸੇ ਹੋਰ ਪਾਰਟੀ ਦਾ ਸਮਰਥਨ ਨਾ ਮਿਲਣ ਕਰਕੇ ਮਤੇ ਫੇਲ ਹੁੰਦੇ ਰਹੇ।
ਜਗਮੀਤ ਸਿੰਘ ਵੱਲੋਂ ਹਾਲ ਹੀ ਵਿਚ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਬੇਸ਼ੱਕ ਸੰਸਦ ਦਾ ਅਗਲਾ ਸੈਸ਼ਨ 27 ਜਨਵਰੀ ਨੂੰ ਸ਼ੁਰੂ ਹੋਣਾ ਹੈ, ਪਰ ਉਹ ਗਵਰਨਰ ਜਨਰਲ ਮੈਡਮ ਮੈਰੀ ਸਾਈਮਨ ਨੂੰ ਬੇਨਤੀ ਕਰਨਗੇ ਕਿ ਦੇਸ਼ ਦੀ ਰਾਜਨੀਤਿਕ ਸਥਿਤੀ ਨੂੰ ਸਮਝਦਿਆਂ ਸਪੀਕਰ ਨੂੰ ਹਦਾਇਤ ਕਰਨ ਕਿ ਸੈਸ਼ਨ ਤੁਰੰਤ ਸੱਦਿਆ ਜਾਏ।
ਪਾਰਟੀ ਆਗੂ ਨੇ ਲੰਘੇ ਸਾਲਾਂ ਵਿੱਚ ਸਿਹਤ ਸੰਭਾਲ ਸੁਧਾਰਾਂ ਵਿੱਚ ਬਦਲਾਵਾਂ ਲਈ ਸਰਕਾਰ ਉੱਤੇ ਬਣਾਏ ਦਬਾਅ ਦਾ ਜਿਕਰ ਕਰਦਿਆਂ ਕੰਜਰਵੇਟਿਵ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਅਤੇ ਉਸ ਵਲੋਂ ਸੇਵਾਵਾਂ ਖਤਮ ਕਰਨ ਦਾ ਤੌਂਖਲਾ ਵੀ ਪ੍ਰਗਟਾਇਆ ਹੈ। ਜਗਮੀਤ ਸਿੰਘ ਦੇ ਬਿਆਨ ਤੋਂ ਬਾਅਦ ਦੇਸ਼ ਦੇ ਸਿਆਸੀ ਹਲਕਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਦੂਜੇ ਪਾਸੇ ਪੀਅਰ ਪੋਲੀਏਵਰ ਨੇ ਤਾਂ ਗਵਰਨਰ ਜਨਰਲ ਤੋਂ ਮਿਲਣ ਦਾ ਸਮਾਂ ਵੀ ਮੰਗ ਲਿਆ ਹੈ ਤਾਂ ਕਿ ਉਹ ਸੰਸਦ ਸੈਸ਼ਨ ਤੁਰੰਤ ਸੱਦਣ ਦੀ ਬੇਨਤੀ ਕਰ ਸਕਣ।
ਇਸੇ ਹਲਚਲ ਦੌਰਾਨ ਪ੍ਰਧਾਨ ਮੰਤਰੀ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਫੇਰਬਦਲ ਕਰਦਿਆਂ ਉਸ ਵਿਚ ਵਾਧਾ ਕੀਤਾ ਹੈ। 8 ਸਾਂਸਦਾਂ ਨੂੰ ਪਹਿਲੀ ਵਾਰ ਵਜਾਰਤ ਵਿੱਚ ਸ਼ਾਮਲ ਕੀਤਾ ਹੈ, ਜਿੰਨਾਂ ਵਿੱਚ ਪੰਜਾਬਣ ਬੀਬੀ ਰੂਬੀ ਸਹੋਤਾ ਵੀ ਸ਼ਾਮਲ ਹੈ। ਟਰਾਂਸਪੋਰਟ ਮੰਤਰੀ ਅਨੀਤਾ ਅਨੰਦ ਤੋਂ ਖਜਾਨਾ ਬੋਰਡ ਦੀ ਪ੍ਰਧਾਨਗੀ ਵਾਪਸ ਲੈਕੇ ਅੰਤਰਾਸ਼ਟਰੀ ਵਪਾਰ ਵੇਖਣ ਦੀ ਜਿੰਮੇਵਾਰੀ ਵੀ ਸੌਂਪੀ ਗਈ ਹੈ।
Justin Trudeau a échoué dans la tâche la plus importante qui incombe à un premier ministre : travailler pour les gens et non pour les puissants.
Le NPD votera pour faire tomber ce gouvernement et donnera aux Canadiennes et Canadiens la possibilité de voter pour un gouvernement… pic.twitter.com/kvT4diM3Gb
— Jagmeet Singh (@theJagmeetSingh) December 20, 2024
ਜਗਮੀਤ ਸਿੰਘ ਦੇ ਇਸ ਬਿਆਨ ’ਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਏਵ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਹੁਣ ਜਦੋਂ ਪਾਰਲੀਮੈਂਟ ਬੰਦ ਹੈ ਅਤੇ ਮਹੀਨਿਆਂ ਤੱਕ ਕੋਈ ਵੀ ਪ੍ਰਸਤਾਵ ਪੇਸ਼ ਕਰਨ ਦਾ ਮੌਕਾ ਨਹੀਂ ਹੈ, ਉਸ ਸਮੇਂ ਜਗਮੀਤ ਸਿੰਘ ਨੇ ਇਹ ਐਲਾਨ ਕੀਤਾ। ਪੀਅਰ ਪੋਲੀਏਵ ਨੇ ਕਿਹਾ ਕਿ ਜਦੋਂ ਤੱਕ ਜਗਮੀਤ ਸਿੰਘ ਆਪਣੀ ਪੈਨਸ਼ਨ ਪ੍ਰਾਪਤ ਨਹੀਂ ਕਰ ਲੈਂਦਾ ਉਦੋਂ ਤੱਕ ਉਹ ਟਰੂਡੋ ਦਾ ਸਾਥ ਦੇਵੇਗਾ।
ਪੋਲੀਏਵ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਨੇ ਸਤੰਬਰ ’ਚ ਉਹੀ ਸਟੰਟ ਕੀਤਾ ਸੀ। ਉਸਨੇ ਦਾਅਵਾ ਕੀਤਾ ਸੀ ਕਿ ਉਹ ਹੁਣ ਟਰੂਡੋ ਨੂੰ ਅੱਗੇ ਨਹੀਂ ਵਧਾਏਗਾ ਪਰ ਉਸਨੇ ਆਪਣੇ ਬੌਸ ਟਰੂਡੋ ਲਈ 8 ਵਾਰ ਵੋਟ ਪਾਈ। ਸਿਰਫ਼ 11 ਦਿਨ ਪਹਿਲਾਂ ਜਗਮੀਤ ਸਿੰਘ ਨੇ ਆਪਣੇ ਸ਼ਬਦਾਂ ਨਾਲ ਭਰੇ ਅਵਿਸ਼ਵਾਸ ਪ੍ਰਸਤਾਵ ਦੇ ਵਿਰੁੱਧ ਵੋਟ ਦਿੱਤੀ ਸੀ।
ਦੱਸ ਦੇਈਏ ਕਿ ਹਾਊਸ ਆਫ਼ ਕਾਮਨਜ਼ ਇਸ ਵੇਲੇ ਛੇ ਹਫ਼ਤਿਆਂ ਦੀ ਛੁੱਟੀ ’ਤੇ ਹੈ ਅਤੇ 27 ਜਨਵਰੀ ਤੱਕ ਮੁੜ ਸ਼ੁਰੂ ਹੋਣ ਲਈ ਨਿਯਤ ਨਹੀਂ ਹੈ। ਅਗਲੀ ਨਿਸ਼ਚਿਤ ਚੋਣ ਮਿਤੀ 20 ਅਕਤੂਬਰ 2025 ਹੈ।
ਕੰਜ਼ਰਵੇਟਿਵ ਨੇਤਾ ਪੀਅਰ ਪੋਲੀਏਵ ਨੇ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਸੂਚਿਤ ਕਰਨ ਲਈ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਕਿ ਉਨ੍ਹਾਂ ਨੂੰ ਹਾਊਸ ਆਫ਼ ਕਾਮਨਜ਼ ਨੂੰ ਵਾਪਸ ਬੁਲਾਉਣਾ ਚਾਹੀਦਾ ਹੈ ਤਾਂ ਜੋ ਬੇਭਰੋਸਗੀ ਲਈ ਵੋਟਿੰਗ ਕਰਵਾਈ ਜਾ ਸਕੇ।