ਬਿਹਾਰ ਵਿੱਚ ਦੋ ਥਾਵਾਂ ’ਤੇ 10 ਬੱਚੇ ਪਾਣੀ ’ਚ ਡੁੱਬੇ
ਸਾਸਾਰਾਮ/ਕਟਿਹਾਰ: ਬਿਹਾਰ ਦੇ ਰੋਹਤਾਸ ਅਤੇ ਕਟਿਹਾਰ ਜ਼ਿਲ੍ਹਿਆਂ ’ਚ ਨਹਾਉਣ ਸਮੇਂ 10 ਬੱਚਿਆਂ ਦੇ ਪਾਣੀ ’ਚ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਰੋਹਤਾਸ ’ਚ ਇਕ ਬੱਚੇ ਨੂੰ ਪ੍ਰਦੇਸ਼ ਆਫ਼ਤ ਪ੍ਰਬੰਧਨ ਬਲ ਦੇ ਜਵਾਨਾਂ ਨੇ ਬਚਾਅ ਲਿਆ ਜਦਕਿ ਇਕ ਬੱਚਾ ਅਜੇ ਲਾਪਤਾ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟਰੇਟ ਉਦਿਤਾ ਸਿੰਘ ਨੇ ਦੱਸਿਆ ਕਿ ਰੋਹਤਾਸ ’ਚ ਸੋਨ ਦਰਿਆ ’ਚ ਨਹਾਉਣ ਸਮੇਂ ਛੇ ਬੱਚੇ ਡੁੱਬ ਗਏ। ਉਨ੍ਹਾਂ ਕਿਹਾ ਕਿ ਇਹ ਘਟਨਾ ਤੁੰਬਾ ਪਿੰਡ ’ਚ ਵਾਪਰੀ ਜਿੱਥੇ ਅੱਠ ਬੱਚੇ ਨਹਾ ਰਹੇ ਸਨ। ਅਧਿਕਾਰੀ ਨੇ ਕਿਹਾ ਕਿ ਸਾਰੇ ਬੱਚਿਆਂ ਦੀ ਉਮਰ 10 ਤੋਂ 12 ਸਾਲ ਦਰਮਿਆਨ ਸੀ ਅਤੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਬੱਚਿਆਂ ਦਾ ਨਹਾਉਣ ਸਮੇਂ ਪੈਰ ਫਿਸਲ ਗਿਆ ਅਤੇ ਉਹ ਡੂੰਘੇ ਪਾਣੀ ’ਚ ਚਲੇ ਗਏ ਜਿਥੇ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਧਰ ਕਟਿਹਾਰ ਦੇ ਸਰੱਈਆ ਇਲਾਕੇ ਦੇ ਛੱਪੜ ’ਚ ਨਹਾਉਣ ਸਮੇਂ ਚਾਰ ਬੱਚੇ ਡੁੱਬ ਗਏ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬੱਚਿਆਂ ਦੀ ਮੌਤ ’ਤੇ ਦੁੱਖ ਜਤਾਇਆ ਹੈ। ਇਕ ਸਰਕਾਰੀ ਬਿਆਨ ਮੁਤਾਬਕ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਚਾਰ-ਚਾਰ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। -ਪੀਟੀਆਈ