ਜਾਗ੍ਰਿਤੀ ਫਾਊਂਡੇਸ਼ਨ ਵੱਲੋਂ ਕੈਂਸਰ ਪੀੜਤ ਨੂੰ 1.60 ਲੱਖ ਦੀ ਸਹਾਇਤਾ
ਪੱਤਰ ਪ੍ਰੇਰਕ
ਪਠਾਨਕੋਟ, 9 ਅਗਸਤ
ਇਸ ਜ਼ਿਲ੍ਹੇ ਅੰਦਰ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੰਮ ਕਰ ਰਹੀ ਸਮਾਜਿਕ ਸੰਸਥਾ ਜਾਗ੍ਰਿਤੀ ਫਾਊਂਡੇਸ਼ਨ ਨੇ ਕੈਂਸਰ ਪੀੜਤ ਨੂੰ ਇਲਾਜ ਲਈ 1 ਲੱਖ 60 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ। ਇਸ ਸਹਾਇਤਾ ਦਾ ਚੈਕ ਫਾਊਂਡੇਸ਼ਨ ਦੇ ਮੈਨੇਜਿੰਗ ਟਰਸਟੀ ਤੇ ਸਾਬਕਾ ਐਸਡੀਐਮ, ਆਰਪੀਐਸ ਵਾਲੀਆ ਦੀ ਅਗਵਾਈ ਵਿੱਚ ਡਿਫੈਂਸ ਰੋਡ ਸਥਿਤ ਪ੍ਰਤਾਪ ਵਰਲਡ ਸਕੂਲ ਦੇ ਡਾਇਰੈਕਟਰ ਤੇ ਫਾਊਂਡੇਸ਼ਨ ਦੇ ਟਰਸਟੀ ਸੰਨੀ ਮਹਾਜਨ, ਓਸ਼ੀਨ ਮਹਾਜਨ ਅਤੇ ਮੈਂਬਰ ਪ੍ਰਸ਼ਾਂਤ ਸ਼ਰਮਾ ਵੱਲੋਂ ਦਿੱਤਾ ਗਿਆ।
ਕੈਂਸਰ ਪੀੜਤ ਸੁਖਰਾਜ ਸਿੰਘ ਦੀ ਮਾਤਾ ਜਤਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਬਲੱਡ ਕੈਂਸਰ ਦੀ ਬੀਮਾਰੀ ਹੈ।
ਉਨ੍ਹਾਂ ਕਿਹਾ ਕਿ ਕਿਧਰੇ ਵੀ ਇਲਾਜ ਨਾ ਹੋਣ ਦੇ ਮੱਦੇਨਜ਼ਰ ਉਨ੍ਹਾਂ ਸੋਸ਼ਲ ਮੀਡੀਆ ਤੇ ਆਪਣੇ ਬੇਟੇ ਦੇ ਇਲਾਜ ਵਿੱਚ ਮੱਦਦ ਲਈ ਵੀਡੀਓ ਪਾਈ ਜਿਸ ਤੇ ਜਾਗ੍ਰਿਤੀ ਫਾਊਂਡੇਸ਼ਨ ਦੇ ਮੈਂਬਰ ਅਤੇ ਜੰਗਲਾਤ ਦੇ ਚੀਫ ਕੰਜਰਵੇਟਰ ਮਹਾਂਵੀਰ ਸਿੰਘ ਨੇ ਫਾਊਂਡੇਸ਼ਨ ਦੇ ਆਗੂਆਂ ਦੇ ਧਿਆਨ ਵਿੱਚ ਉਕਤ ਮਾਮਲਾ ਲਿਆਂਦਾ। ਉਸ ਨੇ ਦੱਸਿਆ ਕਿ ਸੁਖਰਾਜ ਸਿੰਘ ਦਾ ਇਲਾਜ ਹੁਣ ਪੀਜੀਆਈ ਚੰਡੀਗੜ੍ਹ ਵਿੱਚ ਚੱਲ ਰਿਹਾ ਹੈ। ਟਰਸਟੀ ਸੰਨੀ ਮਹਾਜਨ ਨੇ ਹੋਰ ਲੋਕਾਂ ਨੂੰ ਵੀ ਇਸ ਪਰਿਵਾਰ ਦੀ ਮੱਦਦ ਕਰਨ ਦਾ ਹੋਕਾ ਦਿੱਤਾ।