ਅਹਿਮਦਾਬਾਦ ’ਚ ਅਨੁਪਮ ਖੇਰ ਦੀ ਤਸਵੀਰ ਵਾਲੇ ਕਰੰਸੀ ਨੋਟਾਂ ਨਾਲ 1.60 ਕਰੋੜ ਦੀ ਠੱਗੀ
ਅਹਿਮਦਾਬਾਦ, 30 ਸਤੰਬਰ
ਕੁਝ ਅਣਪਛਾਤੇ ਠੱਗਾਂ ਨੇ ਬੌਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਤਸਵੀਰ ਵਾਲੇ ਕਰੰਸੀ ਨੋਟਾਂ ਨਾਲ ਸੋਨੇ-ਚਾਂਦੀ ਦਾ ਕੰਮ ਕਰਦੇ ਵਪਾਰੀ ਮਹਿਲ ਠੱਕਰ ਨਾਲ 1.60 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਠੱਕਰ ਨੇ ਨਵਰੰਗਪੁਰਾ ਥਾਣੇ ਵਿਚ ਦਿੱਤੀ ਸ਼ਿਕਾਇਤ ’ਚ ਦਾਅਵਾ ਕੀਤਾ ਕਿ ਉਸ ਨੂੰ 2.1 ਕਿਲੋ ਸੋਨੇ ਦੇ ਬਦਲੇ 500 ਰੁਪਏ ਦੀ ਜਾਅਲੀ ਕਰੰਸੀ ਦੇ 26 ਬੰਡਲ ਦਿੱਤੇ ਗਏ। ਠੱਕਰ ਨੇ ਕਿਹਾ ਕਿ ਉਸ ਦੇ ਸਟਾਫ਼ ਨੂੰ ਦਿੱਤੇ ਜਾਅਲੀ ਕਰੰਸੀ ਨੋਟਾਂ ’ਤੇ ‘ਰਿਸੋਲ ਬੈਂਕ ਆਫ਼ ਇੰਡੀਆ’ ਲਿਖਿਆ ਹੋਇਆ ਹੈ।
ਠੱਕਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸ ਨੂੰ ਇਕ ਜਿਊਲਰੀ ਦੁਕਾਨ ਦੇ ਜਾਣਕਾਰ ਮੈਨੇਜਰ ਪ੍ਰਸ਼ਾਂਤ ਪਟੇਲ ਦਾ ਫੋਨ ਆਇਆ ਸੀ ਕਿ ਉਹ 2.1 ਕਿਲੋ ਸੋਨਾ ਖਰੀਦਣਾ ਚਾਹੁੰਦਾ ਹੈ ਤੇ ਗੱਲਬਾਤ ਮਗਰੋਂ ਉਨ੍ਹਾਂ ਦਾ 1.60 ਕਰੋੜ ਰੁਪਏ ਵਿਚ ਸੌਦਾ ਹੋ ਗਿਆ।
ਠੱਕਰ ਨੇ 24 ਸਤੰਬਰ ਨੂੰ ਆਪਣੇ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਪਟੇਲ ਨੂੰ ‘ਅੰਗੜੀਆ ਪੇੜੀ’ (ਹਵਾਲਾ) ਦਫ਼ਤਰ ਵਿਚ ਜਾ ਕੇ ਮਿਲੇ। ਜਦੋਂ ਸਟਾਫ ਉਥੇ ਪਹੁੰਚਿਆ ਤਾਂ ਤਿੰਨ ‘ਭੱਦਰਪੁਰਸ਼ਾਂ’ ਨੇ ਉਨ੍ਹਾਂ ਨੂੰ 500 ਰੁਪਏ ਦੇ ਕਰੰਸੀ ਨੋਟਾਂ ਦੇ ਕੁਝ ਬੰਡਲ ਫੜਾਏ। ਉਨ੍ਹਾਂ ਸਟਾਫ਼ ਨੂੰ ਕਿਹਾ ਕਿ ਉਹ ਇਨ੍ਹਾਂ ਨੋਟਾਂ ਨੂੰ ਮਸ਼ੀਨ ਨਾਲ ਗਿਣ ਲੈਣ। ਇਹ ਮਸ਼ੀਨ ਇਨ੍ਹਾਂ ਭੱਦਰਪੁਰਸ਼ਾਂ ਨੇ ਹੀ ਮੁਹੱਈਆ ਕਰਵਾਈ ਸੀ। ਇਸ ਦੌਰਾਨ ਇਨ੍ਹਾਂ ਵਿਚੋਂ ਦੋ ਜਣੇ ਸੋਨੇ ਦੇ ਬਿਸਕੁਟ ਲੈ ਕੇ ਇਹ ਕਹਿੰਦਿਆਂ ਉਥੋਂ ਚਲੇ ਗਏ ਕਿ ਨਾਲ ਦੇ ਦਫ਼ਤਰ ’ਚੋਂ ਬਾਕੀ 30 ਲੱਖ ਰੁਪਏ ਲੈ ਕੇ ਆਉਂਦੇ ਹਨ। ਜਦੋਂ ਠੱਕਰ ਦੇ ਸਟਾਫ਼ ਮੈਂਬਰਾਂ ਦੇ ਧਿਆਨ ਵਿਚ ਆਇਆ ਕਿ ਕਰੰਸੀ ਨੋਟ ਜਾਅਲੀ ਹਨ ਤਾਂ ਉਨ੍ਹਾਂ ਤੀਜੇ ਵਿਅਕਤੀ ਨੂੰ ਸਵਾਲ ਕੀਤੇ। ਇਸ ਵਿਅਕਤੀ ਨੇ ਦੱਸਿਆ ਕਿ ਉਹ ਤਾਂ ਸਿਰਫ਼ ਨੋਟ ਗਿਣਨ ਵਾਲੀ ਮਸ਼ੀਨ ਦੇਣ ਲਈ ਉਥੇ ਆਇਆ ਸੀ। ਜਾਂਚ ਉਪਰੰਤ ਪਤਾ ਲੱਗਾ ਕਿ ਇਹ ਹਵਾਲਾ ਦਫ਼ਤਰ ਦੋ ਦਿਨ ਪਹਿਲਾਂ ਹੀ ਖੋਲ੍ਹਿਆ ਗਿਆ ਸੀ।
ਪੁਲੀਸ ਨੇ ਠੱਕਰ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਮਸ਼ਕੂਕਾਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਵਿੱਢ ਦਿੱਤੀ ਹੈ। -ਪੀਟੀਆਈ