ਇਮਰਾਨ ਤੇ ਸਮਰਥਕਾਂ ਨੇ 50 ਕਰੋੜ ਦਾ ਨੁਕਸਾਨ ਕੀਤਾ
ਪਾਕਿਸਤਾਨੀ ਪੁਲੀਸ ਨੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ’ਤੇ ਲਾਹੌਰ ਵਿੱਚ 9 ਮਈ 2023 ਨੂੰ ਫੌਜ ਦੇ ਸੀਨੀਅਰ ਅਧਿਕਾਰੀ ਦੀ ਰਿਹਾਇਸ਼ ’ਤੇ ਹਮਲੇ ਦੌਰਾਨ ਸਰਕਾਰੀ ਖ਼ਜ਼ਾਨੇ ਦਾ 50 ਕਰੋੜ ਪਾਕਿਸਤਾਨੀ ਰੁਪਏ ਤੋਂ ਵੱਧ ਦਾ ਨੁਕਸਾਨ ਕਰਨ ਦਾ ਦੋਸ਼ ਲਗਾਇਆ ਹੈ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਥਾਪਕ ’ਤੇ 9 ਮਈ 2023 ਦੀ ਹਿੰਸਾ ਦੇ ਸਬੰਧ ਵਿੱਚ ਲਾਹੌਰ ’ਚ ਕਈ ਕੇਸ ਦਰਜ ਹਨ। ਇਨ੍ਹਾਂ ਮਾਮਲਿਆਂ ਵਿੱਚ ਪਾਕਿਸਤਾਨ ਦੀ ਪੁਲੀਸ ਵੱਲੋਂ ਇਮਰਾਨ ਖ਼ਾਨ ’ਤੇ ਆਪਣੇ ਸਮਰਥਕਾਂ ਨੂੰ ਸਰਕਾਰੀ ਅਤੇ ਫੌਜੀ ਇਮਾਰਤਾਂ ’ਤੇ ਹਮਲਾ ਕਰਨ ਲਈ ਭੜਕਾਉਣ ਦੇ ਦੋਸ਼ ਵੀ ਲਗਾਏ ਗਏ ਹਨ। ਜ਼ਿਕਰਯੋਗ ਹੈ ਕਿ ਇਸਲਾਮਾਬਾਦ ਹਾਈ ਕੋਰਟ ਕੰਪਲੈਕਸ ਤੋਂ ਨੀਮ ਫੌਜੀ ਬਲਾਂ ਵੱਲੋਂ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹਿੰਸਾ ਭੜਕ ਗਈ ਸੀ।
ਅਦਾਲਤ ਦੇ ਅਧਿਕਾਰੀ ਨੇ ਕਿਹਾ, ‘‘ਇਮਰਾਨ ਖ਼ਾਨ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਕੁਝ ਹੋਰ ਮੈਂਬਰਾਂ ਖ਼ਿਲਾਫ਼ 9 ਮਈ 2023 ਨੂੰ ਹੋਈ ਹਿੰਸਾ ਦੇ ਮਾਮਲਿਆਂ ਵਿੱਚ ਇਕ ਸਰਕਾਰੀ ਵਕੀਲ ਨੇ ਲਾਹੌਰ ਹਾਈ ਕੋਰਟ (ਐੱਲਐੱਚਸੀ) ਨੂੰ ਦੱਸਿਆ ਕਿ ਲਾਹੌਰ ਕੋਰ ਕਮਾਂਡਰ ਦੇ ਘਰ ’ਤੇ ਹਮਲੇ ਦੌਰਾਨ ਦੇਸ਼ ਨੂੰ 52 ਕਰੋੜ ਪਾਕਿਸਤਾਨੀ ਰੁਪਏ ਦਾ ਨੁਕਸਾਨ ਹੋਇਆ ਹੈ।’’ ਸਰਕਾਰੀ ਵਕੀਲ 9 ਮਈ ਦੀ ਹਿੰਸਾ ਦੇ ਅੱਠ ਮਾਮਲਿਆਂ ਵਿੱਚ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਵੱਲੋਂ ਦਾਇਰ ਜ਼ਮਾਨਤੀ ਪਟੀਸ਼ਨਾਂ ਦੇ ਸਬੰਧ ਵਿੱਚ ਦਲੀਲਾਂ ਦੇ ਰਿਹਾ ਸੀ। ਪਿਛਲੇ ਸਾਲ ਨਵੰਬਰ ਵਿੱਚ ਲਾਹੌਰ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਇਨ੍ਹਾਂ ਅੱਠ ਮਾਮਲਿਆਂ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਸੰਸਥਾਪਕ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। -ਪੀਟੀਆਈ