ਹੁਸ਼ਿਆਰਪੁਰ-ਗੜ੍ਹਸ਼ੰਕਰ ਸੜਕ ਨੂੰ ਹਾਦਸਾਮੁਕਤ ਕਰਨ ਲਈ ਖ਼ਰਚੇ ਜਾ ਰਹੇ ਨੇ 8.21 ਲੱਖ ਰੁਪਏ
ਡੀਸੀ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ 31 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸੜਕ ਦੁਰਘਟਨਾਵਾਂ ਨੂੰ ਘੱਟ ਕਰਨ ਲਈ ਯੋਜਨਾ ਬਣਾਈ ਹੈ। ਉਨ੍ਹਾਂ ਦੱਸਿਆ ਕਿ ਸੜਕ ’ਤੇ ਰੋਡ ਮਾਰਕਿੰਗ, ਸਾਈਨ ਬੋਰਡ ਲਗਾਉਣ ਅਤੇ ਦੁਰਘਟਨਾਗ੍ਰਸਤ ਥਾਵਾਂ ਨੂੰ ਠੀਕ ਕਰਵਾਉਣ ਲਈ ਪੀ.ਡਬਲਯੂ.ਡੀ ਦੇ ਐਕਸੀਅਨ ਨੂੰ 8 ਲੱਖ 21 ਹਜ਼ਾਰ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ ਜਿਸ ਨਾਲ ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਤੱਕ ਚੰਡੀਗੜ੍ਹ ਰੋਡ ਦਾ ਕੰਮ ਕਰਵਾ ਕੇ ਸੜਕ ਨੂੰ ਦੁਰਘਟਨਾਮੁਕਤ ਬਣਾਉਣ ਦੀ ਪਹਿਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬਲੈਕ ਸਪਾਟਸ ਦੀ ਗਿਣਤੀ 44 ਤੋਂ ਘਟ ਕੇ 23 ਰਹਿ ਗਈ ਹੈ ਅਤੇ ਸੜਕ ਦੁਰਘਟਨਾਵਾਂ ਵਿੱਚ 43 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।
ਡੀਸੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਸੜਕ ਸੁਰੱਖਿਆ ਮੁਹਿੰਮ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ। ਰੀਜ਼ਨਲ ਟਰਾਂਸਪੋਰਟ ਅਫ਼ਸਰ (ਆਰਟੀਓ) ਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੜਕ ਇੰਜਨੀਅਰਿੰਗ ਆਡਿਟ ਲਈ ਸਥਾਨਕ ਇੰਜਨੀਅਰਿੰਗ ਕਾਲਜਾਂ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ। ਸਹਾਇਕ ਰੀਜ਼ਨਲ ਟਰਾਂਸਪੋਰਟ ਅਫ਼ਸਰ ਸੰਦੀਪ ਭਾਰਤੀ ਵੱਲੋਂ ਧੀਮੀ ਗਤੀ ਵਾਲੇ ਵਾਹਨਾਂ ਪਿੱਛੇ ਰਿਫ਼ਲੈਕਟਰ ਟੇਪਾਂ ਲਾਈਆਂ ਗਈਆਂ। ਉਨ੍ਹਾਂ ਓਵਰਲੋਡ ਅਤੇ ਤੇਜ਼ ਗਤੀ ਨਾਲ ਚੱਲਣ ਵਾਲੇ ਵਾਹਨਾਂ ’ਤੇ ਕਾਰਵਾਈ ਕਰਦਿਆਂ 17 ਵਾਹਨਾਂ ਦੇ ਚਲਾਨ ਵੀ ਕੀਤੇ।