ਹਾਈ ਕੋਰਟ ਦੇ ਹੁਕਮਾਂ ’ਤੇ ਨਾ ਮਿਲਿਆ ਮੁਆਵਜ਼ਾ
ਮੋਹਿਤ ਸਿੰਗਲਾ
ਨਾਭਾ, 24 ਅਪਰੈਲ
ਪਿਛਲੇ ਸਾਲ ਨਾਭਾ ਦੇ ਸੌਜਾ ਅਤੇ ਨਾਲ ਲਗਦੇ ਦੋ ਪਿੰਡਾਂ ਵਿੱਚ ਕੁੱਤਿਆਂ ਨੇ ਵੱਖ ਵੱਖ ਹਮਲਿਆਂ ਵਿੱਚ ਤਿੰਨ ਜਾਨਾਂ ਲਈਆਂ ਤੇ ਕਈ ਜਣਿਆਂ ਨੂੰ ਗੰਭੀਰ ਜ਼ਖਮੀ ਕੀਤਾ। ਇਨ੍ਹਾਂ ਵਿੱਚੋ ਇੱਕ ਮ੍ਰਿਤਕ ਜੀਤ ਸਿੰਘ ਦੇ ਪੁੱਤਰ ਸੁਖਬੀਰ ਸਿੰਘ ਨੇ ਹਾਈ ਕੋਰਟ ਦੇ ਫੈਸਲੇ ਤਹਿਤ ਮੁਆਵਜ਼ੇ ਦੀ ਮੰਗ ਕੀਤੀ ਹੈ। ਜਿਥੇ ਸੁਖਬੀਰ ਦਾ ਦੋਸ਼ ਹੈ ਕਿ ਉਹ ਦਫਤਰਾਂ ਦੇ ਚੱਕਰ ਲਗਾ ਲਗਾ ਕੇ ਹੰਭ ਚੁੱਕਿਆ ਹੈ, ਉਥੇ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਐਨੀਆਂ ਘਟਨਾਵਾਂ ਮਗਰੋਂ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ ਲੈਣ ਦੇ ਬਾਵਜੂਦ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੋਈ ਕਦਮ ਨਾ ਚੁੱਕੇ ਗਏ। ਇਸ ਕਾਰਨ ਲੋਕਾਂ ਵਿੱਚ ਦਹਿਸ਼ਤ ਬਰਕਰਾਰ ਹੈ।
ਖੇਤ ਤੋਂ ਮੁੜਦੇ ਸਮੇਂ ਕੁੱਤਿਆਂ ਵੱਲੋਂ ਦਿਨ ਦਿਹਾੜੇ ਨੋਚ ਖਾਧੇ ਗਏ ਜੀਤ ਸਿੰਘ ਦੇ ਪੁੱਤਰ ਸੁਖਬੀਰ ਨੇ ਦੱਸਿਆ ਕਿ ਜਨਵਰੀ, 2024 ਤੋਂ ਫਾਈਲ ਚੁੱਕੀ ਉਸਨੂੰ ਕਦੇ ਡੀਸੀ ਦਫਤਰ, ਕਦੀ ਪਸ਼ੂ ਪਾਲਣ ਵਿਭਾਗ ਕਦੀ ਥਾਣੇ ਤੇ ਕਦੀ ਪੰਚਾਇਤ ਦਫਤਰ ਦੇ ਚੱਕਰ ਲਗਾਉਣੇ ਪੈ ਰਹੇ ਹਨ ਪਰ ਹਾਈ ਕੋਰਟ ਦਾ ਫੈਸਲਾ ਲਾਗੂ ਨਹੀਂ ਹੋ ਰਿਹਾ। ਜ਼ਿਕਰਯੋਗ ਹੈ ਕਿ 2023 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਤਹਿਤ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਤੋਂ ਹੋਣ ਵਾਲੇ ਨੁਕਸਾਨ ਦੇ ਮੁਆਵਜ਼ੇ ਲਈ ਇੱਕ ਪਾਲਿਸੀ ਬਣਾਈ ਗਈ ਸੀ।
ਦੂਜੇ ਪਾਸੇ ਪਿੰਡ ਵਾਸੀਆਂ ਨੇ ਰੋਸ ਜਤਾਇਆ ਕਿ ਦੋ ਮਹੀਨਿਆਂ ਵਿੱਚ ਤਿੰਨ ਮੌਤਾਂ ਅਤੇ ਅਨੇਕਾਂ ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਪਿੰਡ ਵਿੱਚ ਆ ਕੇ ਲੋਕਾਂ ਦੀ ਸਾਰ ਨਾ ਲਈ। ਸਰਪੰਚ ਰਾਜੀਵ ਕੁਮਾਰ ਪਾਠਕ ਨੇ ਦੱਸਿਆ ਕਿ ਇਕੱਲੇ ਖੇਤ ਜਾਂਦੇ ਹੋਏ ਅਜੇ ਵੀ ਦਹਿਸ਼ਤ ਰਹਿੰਦੀ ਹੈ ਤੇ ਸੁਰੱਖਿਆ ਇੰਤਜ਼ਾਮ ਨਾਲ ਰੱਖਣੇ ਪੈਂਦੇ ਹਨ।
ਪੰਚਾਇਤਾਂ ਆਪਣੀ ਆਮਦਨ ਵਿੱਚੋਂ ਕੁੱਤਿਆਂ ਦੀ ਨਸਬੰਦੀ ਕਰਵਾਉਣ: ਪੰਚਾਇਤ ਵਿਭਾਗ
ਪੰਚਾਇਤ ਅਫਸਰ ਕਰਨਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸੁਖਬੀਰ ਤੋਂ ਇਲਾਵਾ ਕਿਸੇ ਹੋਰ ਪੀੜਤ ਵੱਲੋਂ ਮੁਆਵਜ਼ਾ ਮੰਗਣ ਦੀ ਫਾਈਲ ਨਹੀਂ ਹੈ ਤੇ ਸੁਖਬੀਰ ਦੀ ਫਾਈਲ ਵੀ ਉਨ੍ਹਾਂ ਕੋਲੋਂ ਪਾਸ ਹੋ ਕੇ ਡੀਸੀ ਦਫਤਰ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅਨੇਕਾਂ ਘਟਨਾਵਾਂ ਮਗਰੋਂ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਵੀ ਜਵਾਬਤਲਬੀ ਹੋਈ ਜਿਸ ਪਿੱਛੋਂ ਉਨ੍ਹਾਂ ਪੰਚਾਇਤਾਂ ਨੂੰ ਪੱਤਰ ਜਾਰੀ ਕੀਤਾ ਹੈ ਕਿ ਉਹ ਆਪਣੀ ਆਮਦਨ ਵਿੱਚੋਂ ਕੁੱਤਿਆਂ ਦੀ ਨਸਬੰਦੀ ਕਰਵਾ ਸਕਦੇ ਹਨ।