ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਕੀ ਵਿਸ਼ਵ ਕੱਪ ਦੇ ਜੇਤੂਆਂ ਦੀ ਸੰਗਤ

02:31 PM Jan 22, 2023 IST

ਸੁਰਜੀਤ ਸਿੰਘ ਸ਼ਹਿਣਾ

Advertisement

ਸੇ ਮਹੀਨੇ ਭਾਰਤ ਵਿੱਚ ਹਾਕੀ ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ। ਜਦੋਂ ਵੀ ਹਾਕੀ ਵਿਸ਼ਵ ਕੱਪ ਆਉਂਦਾ ਹੈ ਤਾਂ 1975 ਵਿੱਚ ਭਾਰਤੀ ਹਾਕੀ ਟੀਮ ਵੱਲੋਂ ਜਿੱਤੇ ਵਿਸ਼ਵ ਕੱਪ ਦੀਆਂ ਯਾਦਾਂ ਮਨ ‘ਤੇ ਉੱਘੜ ਆਉਂਦੀਆਂ ਹਨ। ਭਾਵੇਂ ਪਿੰਡਾਂ ਵਿੱਚ ਉਸ ਸਮੇਂ ਟੈਲੀਵਿਜ਼ਨ ਨਹੀਂ ਸਨ ਪਰ ਜਸਦੇਵ ਸਿੰਘ ਵੱਲੋਂ ਰੇਡੀਓ ਉਪਰ ਕੀਤੀ ਕਮੈਂਟਰੀ ਦਾ ਜਾਦੂ ਸਿਰ ਚੜ੍ਹ ਬੋਲਦਾ ਸੀ। ਗੱਲ ਸੈਮੀ ਫਾਈਨਲ ਮੈਚ ਦੀ ਹੈ, ਭਾਰਤੀ ਟੀਮ ਮਲੇਸ਼ੀਆ ਤੋਂ 1-2 ਨਾਲ ਪਿੱਛੇ ਚੱਲ ਰਹੀ ਸੀ। ਸਮਾਂ ਸਿਰਫ਼ ਤਿੰਨ-ਚਾਰ ਮਿੰਟ ਰਹਿੰਦਾ ਸੀ। ਭਾਰਤ ਨੂੰ ਵਾਰ-ਵਾਰ ਪੈਨਲਟੀ ਕਾਰਨਰ ਮਿਲ ਰਹੇ ਸਨ ਪਰ ਕੋਈ ਗੋਲ ਵਿੱਚ ਤਬਦੀਲ ਨਹੀਂ ਹੋ ਰਿਹਾ ਸੀ। ਸਾਡੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਸਨ। ਜਸਦੇਵ ਸਿੰਘ ਦੇ ਬੋਲ ਗੂੰਜਦੇ ਹਨ, ”ਅਸਲਮ ਸ਼ੇਰ ਖਾਨ ਮੈਦਾਨ ਕੇ ਬਾਹਰ ਵਾਰਮ ਅੱਪ ਹੋ ਰਹੇ ਹੈਂ, ਸ਼ਾਇਦ ਅਗਲਾ ਪੈਨਲਟੀ ਕਾਰਨਰ ਉਨ ਸੇ ਲਗਵਾਇਆ ਜਾਏ। ਭਾਰਤ ਕੋ ਪੈਨਲਟੀ ਕਾਰਨਰ ਮਿਲਾ ਔਰ ਅਸਲਮ ਸ਼ੇਰ ਖਾਨ ਕੋ ਮੈਦਾਨ ਮੇਂ ਭੇਜਾ ਜਾ ਰਹਾ ਹੈ। ਬਾਲ ਕੋ ਲਾਈਨ ਪਰ ਰੱਖਾ, ਅਸਲਮ ਹਿੱਟ ਲਗਾਨੇ ਕੇ ਲੀਏ ਤਿਆਰ, ਉਨਹੋ ਨੇ ਅਪਨੇ ਗਲੇ ਮੇਂ ਪੜੇ ਤਾਵੀਜ਼ ਕੋ ਚੂੰਮਾ, ਬਾਲ ਤੇਜ਼ੀ ਸੇ ਆਈ ਔਰ ਅਸਲਮ ਕੀ ਜ਼ੋਰਦਾਰ ਹਿੱਟ ਔਰ ਯੇ ਗੋਲ…।” 66ਵੇਂ ਮਿੰਟ ਵਿੱਚ ਅਸਲਮ ਸ਼ੇਰ ਖਾਨ ਦੇ ਗੋਲ ਨਾਲ ਮੈਚ ਦਾ ਸਕੋਰ ਨਿਰਧਾਰਤ ਸਮੇਂ ਤੱਕ ਬਰਾਬਰ ਰਿਹਾ। ਵਾਧੂ ਸਮੇਂ ਵਿੱਚ ਲੈਫਟ ਵਿੰਗਰ ਹਰਚਰਨ ਸਿੰਘ ਵੱਲੋਂ 79ਵੇਂ ਮਿੰਟ ਵਿੱਚ ਕੀਤੇ ਗੋਲ ਨਾਲ ਭਾਰਤ ਦੀ ਟੀਮ ਫਾਈਨਲ ਵਿੱਚ ਪਹੁੰਚ ਗਈ।

ਜਸਦੇਵ ਸਿੰਘ ਦੀ ਆਵਾਜ਼ ਵਿੱਚ ਰਵਾਨੀ, ਮਿਠਾਸ ਅਤੇ ਅੰਦਾਜ਼ੇ-ਬਿਆਂ ਅਜਿਹਾ ਸੀ ਕਿ ਸੁਣਨ ਵਾਲੇ ਦੀ ਰੂਹ ਸਰਸ਼ਾਰ ਹੋ ਜਾਂਦੀ ਸੀ। 2004 ਵਿੱਚ ਜਦੋਂ ਪਟਿਆਲਾ ਵਿਖੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਖੇਡਾਂ ਹੋਈਆਂ ਤਾਂ ਮੇਰਾ ਬੇਟਾ ਨਵਦੀਪ ਗਿੱਲ ਖੇਡਾਂ ਨੂੰ ਕਵਰ ਕਰਨ ਗਿਆ ਸੀ। ਉੱਥੇ ਉਸ ਨੂੰ ਜਸਦੇਵ ਸਿੰਘ ਮਿਲ ਗਏ। ਬੇਟਾ ਜਾਣਦਾ ਸੀ ਕਿ ਮੈਂ ਉਨ੍ਹਾਂ ਦੀ ਕਮੈਂਟਰੀ ਦਾ ਪ੍ਰਸ਼ੰਸਕ ਹਾਂ। ਉਸ ਨੇ ਮੈਨੂੰ ਬਿਨਾਂ ਦੱਸੇ ਕਿ ਕਿਸ ਦੇ ਨਾਲ ਗੱਲ ਕਰਵਾ ਰਿਹਾ ਹੈ, ਜਸਦੇਵ ਸਿੰਘ ਨਾਲ ਮੇਰੀ ਫੋਨ ‘ਤੇ ਗੱਲ ਕਰਵਾ ਦਿੱਤੀ। ਉਨ੍ਹਾਂ ਸ਼ਾਇਰਾਨਾ ਅੰਦਾਜ਼ ਵਿੱਚ ਮੇਰੀ ਰਾਜ਼ੀ ਖ਼ੁਸ਼ੀ ਪੁੱਛੀ ਤਾਂ ਉਨ੍ਹਾਂ ਦੀ ਆਵਾਜ਼ ਸੁਣ ਕੇ ਮੇਰੇ ਰੌਂਗਟੇ ਖੜ੍ਹੇ ਹੋ ਗਏ। ਮੇਰੇ ਮੂੰਹੋਂ ਸਿਰਫ਼ ਇਹੋ ਨਿਕਲਿਆ ਕਿ ਆਪ ਜਸਦੇਵ ਜੀ ਬੋਲ ਰਹੇ ਹੋ! ਮੈਨੂੰ ਹੋਰ ਕੋਈ ਗੱਲ ਨਾ ਅਹੁੜੇ। ਮੈਂ ਉਨ੍ਹਾਂ ਬੋਲਾਂ ਨੂੰ ਅੱਜ ਤੱਕ ਨਹੀਂ ਭੁੱਲ ਸਕਿਆ।

Advertisement

1975 ਦਾ ਹਾਕੀ ਵਿਸ਼ਵ ਕੱਪ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਮਿਲਣ ਦਾ ਸੁਭਾਗ ਮੈਨੂੰ 2006 ਵਿੱਚ ਜਲੰਧਰ ਵਿਖੇ ਪ੍ਰਾਪਤ ਹੋਇਆ। ਵਰਿੰਦਰ ਸਿੰਘ ਉੱਤਰੀ ਰੇਲਵੇ ਵਿੱਚੋਂ ਡਿਵੀਜ਼ਨਲ ਮੈਨੇਜਰ ਸੇਵਾਮੁਕਤ ਹੋ ਰਿਹਾ ਸੀ। ਆਪਣੀ ਪਾਰਟੀ ਵਿੱਚ ਸ਼ਿਰਕਤ ਕਰਨ ਲਈ ਉਨ੍ਹਾਂ ਨੇ ਅਸਲਮ ਸ਼ੇਰ ਖਾਨ ਨੂੰ ਵੀ ਮੱਧ ਪ੍ਰਦੇਸ਼ ਤੋਂ ਬੁਲਾਇਆ ਸੀ। ਉਹ ਭਾਰਤ ਦੇ ਖੇਡ ਮੰਤਰੀ ਵੀ ਰਹੇ ਹਨ। ਦੋਵੇਂ ਖਿਡਾਰੀ 1975 ਵਾਲੀ ਜੇਤੂ ਟੀਮ ਦੇ ਮੈਂਬਰ ਸਨ। ਦਿਨ ਵੇਲੇ ਅਸਲਮ ਸ਼ੇਰ ਖਾਨ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਮੇਰਾ ਬੇਟਾ ਉਦੋਂ ਜਲੰਧਰ ਤੋਂ ਅਖ਼ਬਾਰ ਲਈ ਕੰਮ ਕਰਦਾ ਸੀ। ਮੇਰੇ ਬੇਟੇ ਨੇ ਅਸਲਮ ਸ਼ੇਰ ਖਾਨ ਨੂੰ ਸਵਾਲ ਕੀਤਾ ਕਿ 1975 ਵਿਸ਼ਵ ਕੱਪ ਵੇਲੇ ਜਦੋਂ ਤੁਸੀਂ ਤਾਵੀਜ਼ ਚੁੰਮ ਕੇ ਗੋਲ ਕੀਤਾ ਸੀ ਤਾਂ ਉਸ ਵੇਲੇ ਕਿਵੇਂ ਮਹਿਸੂਸ ਕੀਤਾ ਸੀ। ਅਸਲਮ ਸ਼ੇਰ ਖਾਨ ਨੇ ਉਸ ਦੇ ਮੂੰਹ ਵੱਲ ਵੇਖਿਆ ਅਤੇ ਬੋਲਿਆ, ”ਕਾਕਾ, ਤੂੰ ਤਾਂ ਉਸ ਸਮੇਂ ਜੰਮਿਆ ਵੀ ਨਹੀਂ ਹੋਣਾ ਜਿਸ ਸਮੇਂ ਦੀ ਤੂੰ ਗੱਲ ਕਰ ਰਿਹਾ ਹੈਂ।” ਉਹ ਕਹਿ ਵੀ ਠੀਕ ਰਹੇ ਸਨ ਕਿਉਂਕਿ ਮੇਰੇ ਬੇਟੇ ਦਾ ਜਨਮ 1982 ਦਾ ਹੈ।

ਅਸਲਮ ਸ਼ੇਰ ਖਾਨ ਨੇ ਵਰਿੰਦਰ ਸਿੰਘ ਦੀ ਰਾਤ ਨੂੰ ਹੋਣ ਵਾਲੀ ਪਾਰਟੀ ਲਈ ਮੇਰੇ ਬੇਟੇ ਨੂੰ ਵੀ ਆਉਣ ਦਾ ਸੱਦਾ ਦਿੱਤਾ। ਮੈਂ ਆਪਣੇ ਬੇਟੇ ਨਾਲ ਪਾਰਟੀ ਉੱਤੇ ਗਿਆ। ਉਸ ਪਾਰਟੀ ਵਿੱਚ ਮੈਂ ਭਾਰਤੀ ਹਾਕੀ ਦੀ ਸ਼ਾਨ ਰਹੇ ਖਿਡਾਰੀਆਂ ਅਸਲਮ ਸ਼ੇਰ ਖਾਨ, ਬਲਦੇਵ ਸਿੰਘ, ਸੁਰਿੰਦਰ ਸਿੰਘ ਸੋਢੀ, ਮੁਖਬੈਨ ਸਿੰਘ ਫੁੱਲਬੈਕ, ਗੁਨਦੀਪ ਕੁਮਾਰ, ਸੰਜੀਵ ਕੁਮਾਰ (ਸਾਰੇ ਓਲੰਪੀਅਨ) ਨਾਲ ਇਕ ਹੀ ਮੇਜ਼ ‘ਤੇ ਬੈਠਿਆ। ਮੇਰੇ ਬੇਟੇ ਨੇ ਅਸਲਮ ਸ਼ੇਰ ਖਾਨ ਨੂੰ ਕਿਹਾ, ”ਇਹ ਮੇਰੇ ਪਿਤਾ ਜੀ ਹਨ, ਇਨ੍ਹਾਂ ਨੇ ਉਨ੍ਹਾਂ ਪਲਾਂ ਦਾ ਮੇਰੇ ਕੋਲ ਇੰਨੀ ਵਾਰ ਜ਼ਿਕਰ ਕੀਤਾ ਹੈ ਕਿ ਜਦੋਂ ਦਿਨ ਵੇਲੇ ਤੁਹਾਨੂੰ ਮਿਲਿਆ ਸੀ ਮੇਰੇ ਉਹ ਪਲ ਯਾਦ ਆ ਗਏ। ਤੇ ਮੈਂ ਪੱਤਰਕਾਰ ਵਜੋਂ ਤੁਹਾਨੂੰ ਸਵਾਲ ਕੀਤਾ।” ਅਸਲਮ ਸ਼ੇਰ ਖਾਨ ਨੇ ਖੜ੍ਹੇ ਹੋ ਕੇ ਮੈਨੂੰ ਘੁੱਟ ਕੇ ਜੱਫੀ ਪਾ ਲਈ। ਇਹ ਮੈਂ ਹੀ ਮਹਿਸੂਸ ਕਰ ਸਕਦਾ ਹਾਂ ਕਿ ਮੈਨੂੰ ਉਸ ਸਮੇਂ ਕਿੰਨੀ ਖ਼ੁਸ਼ੀ ਹੋਈ। ਫਿਰ ਸਭ ਨਾਲ ਗਰੁੱਪ ਫੋਟੋ ਵੀ ਕਰਵਾਈ ਜੋ ਅੱਜ ਵੀ ਬਰਨਾਲਾ ਵਿਖੇ ਮੇਰੇ ਘਰ ਦੇ ਡਰਾਇੰਗ ਰੂਮ ਦਾ ਸ਼ਿੰਗਾਰ ਹੈ।

ਹੁਣ ਜਦੋਂ ਉੜੀਸਾ ਵਿਖੇ 2023 ਦਾ ਹਾਕੀ ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ ਤਾਂ ਮੇਰੀ ਦਿਲੀ ਤਮੰਨਾ ਹੈ ਕਿ ਅਜੀਤ ਪਾਲ ਸਿੰਘ ਦੀ ਕਪਤਾਨੀ ਹੇਠਲੀ ਟੀਮ ਵੱਲੋਂ 1975 ਵਿੱਚ ਹਾਸਲ ਕੀਤੀ ਪ੍ਰਾਪਤੀ, ਮੌਜੂਦਾ ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਵੀ ਕਰੇ। 1975 ਵਾਂਗ ਸਾਲ 2023 ਵੀ ਸਾਡੇ ਲਈ ਯਾਦਗਾਰ ਬਣ ਜਾਵੇ। ਆਮੀਨ!

ਸੰਪਰਕ: 1-469-562-8290

Advertisement