ਹਾਕੀ ਲਈ ਬਣੇਗਾ ਐਸਟਰੋਟਰਫ ਗਰਾਊਂਡ: ਕੁਲਵੰਤ ਸਿੰਘ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 26 ਦਸੰਬਰ
ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਸ਼ਹਿਰ ਵਿੱਚ ਛੇ ਕਰੋੜ ਰੁਪਏ ਦੀ ਲਾਗਤ ਨਾਲ ਸਿੰਥੈਟਿਕ ਟਰੈਕ ਅਤੇ ਇਸ ਦੇ ਨਾਲ ਹੀ ਹਾਕੀ ਲਈ ਐਸਟਰੋਟਰਫ ਗਰਾਊਂਡ ਬਣਾਏ ਜਾਣ ਦੇ ਐਲਾਨ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਹਲਕਾ ਵਿਧਾਇਕ ਨੇ ਮੁਹਾਲੀ ਅਥਲੈਟਿਕ ਐਸੋਸੀਏਸ਼ਨ ਵੱਲੋਂ ਕਰਵਾਈ ਤਿੰਨ ਰੋਜ਼ਾ ਅਥਲੈਟਿਕ ਚੈਂਪੀਅਨਸ਼ਿਪ ਮੌਕੇ ਪ੍ਰਬੰਧਕਾਂ ਅਤੇ ਖਿਡਾਰੀਆਂ ਵੱਲੋਂ ਕੀਤੀ ਮੰਗ ਉਪਰੰਤ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਸਰਕਾਰ ਦਾ ਕੰਮ ਸ਼ੁਰੂ ਕਰਦਿਆਂ ਹੀ ਪੰਜਾਬ ਦੇ ਵਿੱਚ ਸਿੱਖਿਆ, ਸਿਹਤ ਅਤੇ ਖੇਡਾਂ ਦੇ ਸੁਧਾਰ ਲਈ ਵੱਡੇ ਕਦਮ ਉਠਾਏ ਗਏ ਹਨ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਐਲਾਨਾਂ ਨੂੰ ਪੜਾਅ-ਦਰ-ਪੜਾਅ ਲਗਾਤਾਰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਨਵੀਂ ਖੇਡ ਨੀਤੀ ਤਹਿਤ ਰਾਜ ਵਿੱਚ ਸੈਂਕੜੇ ਨਵੇਂ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਵੱਡੀ ਪੱਧਰ ’ਤੇ ਕੋਚਾਂ ਦੀ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਵਿੱਚ ਵੀ ਵੱਖ-ਵੱਖ ਪਿੰਡਾਂ ਵਿੱਚ ਖੇਡ ਸਟੇਡੀਅਮਾਂ ਦੀ ਉਸਾਰੀ ਜਾਰੀ ਹੈ। ਕੌਂਸਲਰ ਗੁਰਪ੍ਰੀਤ ਕੌਰ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੌਰ ਅਤੇ ਪਰਮਜੀਤ ਸਿੰਘ ਬੈਦਵਾਣ ਨੇ ਹਲਕਾ ਵਿਧਾਇਕ ਵੱਲੋਂ ਸ਼ਹਿਰ ਦੇ ਖ਼ਿਡਾਰੀਆਂ ਦੀ ਲੰਮੇਂ ਸਮੇਂ ਤੋਂ ਸਿੰਥੈਟਿਕ ਟਰੈਕ ਦੀ ਚੱਲੀ ਆ ਰਹੀ ਮੰਗ ਦੀ ਪੂਰਤੀ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ ਕੀਤਾ।