ਹਲਕੇ ਦਾ ਸਰਬਪੱਖੀ ਵਿਕਾਸ ਕਰਾਂਗੇ: ਬਰਿੰਦਰ ਗੋਇਲ
ਲਹਿਰਾਗਾਗਾ, 22 ਦਸੰਬਰ
ਲਹਿਰਾਗਾਗਾ ਹਲਕੇ ਦੇ ਮੂਨਕ ਅਤੇ ਖਨੌਰੀ ਵਿੱਚ ਹੋਈਆਂ ਨਗਰ ਪੰਚਾਇਤ ਚੋਣਾਂ ਵਿੱਚ ਜੇਤੂ ਕੌਂਸਲਰ ਆਪਣੇ ਸਮਰਥਕਾਂ ਨਾਲ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਲਹਿਰਾਗਾਗਾ ਤੋਂ ਆਸ਼ੀਰਵਾਦ ਲੈਣ ਲਈ ਉਨ੍ਹਾਂ ਦੇ ਦਫਤਰ ਪਹੁੰਚੇ। ਇਸ ਦੌਰਾਨ ਆਪਣੇ ਸਮਰਥਕਾਂ ਨਾਲ ਪਹੁੰਚੇ ਕੌਂਸਲਰਾਂ ਨੇ ਕੈਬਨਿਟ ਮੰਤਰੀ ਗੋਇਲ ਦੀ ਅਗਵਾਈ ਵਿੱਚ ਲੋਕ ਹਿੱਤਾਂ ਲਈ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਜੇਤੂ ਕੌਂਸਲਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਸਮੂਹ ਕੌਂਸਲਰਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਆਪੋ ਆਪਣੇ ਵਾਰਡਾਂ ਵਿੱਚ ਵਿਕਾਸ ਕਰਨ ਲਈ ਆਖਦਿਆਂ ਕਿਹਾ ਕਿ ਗਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨਗਰ ਪੰਚਾਇਤਾਂ ਦੀ ਪ੍ਰਧਾਨਗੀ ਦੇ ਮਾਮਲੇ ’ਤੇ ਕਿਹਾ ਕਿ ਸਮੂਹ ਕੌਂਸਲਰ ਨੂੰ ਵਿਸ਼ਵਾਸ ਵਿੱਚ ਲੈ ਕੇ ਉਨ੍ਹਾਂ ਦੀ ਸਹਿਮਤੀ ਨਾਲ ਹੀ ਪ੍ਰਧਾਨ ਚੁਣਿਆ ਜਾਵੇਗਾ। ਇਸ ਮੌਕੇ ਐਕਸੀਅਨ ਨਰਿੰਦਰ ਗੋਇਲ, ਓਐੱਸਡੀ ਰਾਕੇਸ਼ ਕੁਮਾਰ ਗੁਪਤਾ ਵਿੱਕੀ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਮੁਲਾਣਾ ਤੇ ਸਤੀਸ਼ ਕੁਮਾਰ ਤੋਂ ਇਲਾਵਾ ਨਗਰ ਪੰਚਾਇਤ ਮੂਨਕ ਦੇ ਜੇਤੂ ਕੌਂਸਲਰ ਹਾਜ਼ਰ ਸਨ।