ਹਰੀਆ ਗਰੋਹ ਦਾ ਮੈਂਬਰ ਗ੍ਰਿਫ਼ਤਾਰ
ਨਵੀਂ ਦਿੱਲੀ, 11 ਮਈ
ਦਿੱਲੀ ਪੁਲੀਸ ਨੇ ਹਰੀਆ ਗਰੋਹ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਮੇਸ਼ ਨਿਨਾਮਾ ਵਜੋਂ ਹੋਈ ਹੈ ਜੋ ਕਿ ਹਰੀਆ ਗਰੋਹ ਦਾ ਮੁੱਖ ਮੈਂਬਰ ਹੈ। ਪੁਲੀਸ ਨੇ ਦੱਸਿਆ ਕਿ ਰਮੇਸ਼ ਨਿਨਾਮਾ ਰਾਜਸਥਾਨ ਅਤੇ ਦਿੱਲੀ ਵਿੱਚ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ, ਜਿਸ ਵਿੱਚ 2021 ਵਿੱਚ ਅਸਲਾ ਐਕਟ ਤਹਿਤ ਦਰਜ ਇੱਕ ਮਾਮਲਾ ਵੀ ਸ਼ਾਮਲ ਹੈ। ਪੁਲੀਸ ਦੇ ਅਨੁਸਾਰ ਸ਼ਹਿਰ ਦੀ ਇੱਕ ਅਦਾਲਤ ਨੇ ਦਸੰਬਰ 2024 ਵਿੱਚ ਉਸ ਨੂੰ ਭਗੌੜਾ ਅਪਰਾਧੀ ਐਲਾਨਿਆ ਸੀ। ਪੁਲੀਸ ਨੇ ਦੱਸਿਆ ਕਿ ਉਸ ਦਾ ਸਾਥੀ ਸੁਨੀਲ ਨਿਨਾਮਾ ਵੀ ਬਾਂਸਵਾੜਾ ਵਿੱਚ ਸਾਲ 2022 ਦੇ ਇੱਕ ਚੋਰੀ ਦੇ ਮਾਮਲੇ ਵਿੱਚ ਲੋੜੀਂਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਰਮੇਸ਼ ਨੂੰ ਜਨਵਰੀ 2021 ਵਿੱਚ ਦਵਾਰਕਾ ਵਿੱਚ ਏਟੀਐੱਮ ਡਕੈਤੀ ਦੀ ਯੋਜਨਾ ਬਣਾਉਂਦੇ ਹੋਏ ਹੋਰ ਗਰੋਹ ਮੈਂਬਰਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ, ਉਹ ਜ਼ਮਾਨਤ ਮਿਲਣ ਤੋਂ ਬਾਅਦ ਫਰਾਰ ਹੋ ਗਿਆ ਅਤੇ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਪੁਲੀਸ ਨੇ ਦੱਸਿਆ ਕਿ ਅਪਰਾਧ ਸ਼ਾਖਾ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਨਿਨਾਮਾ ਨੂੰ ਉਸ ਦੇ ਸਾਥੀ ਸਮੇਤ ਬਾਂਸਵਾੜਾ ਦੇ ਸੇਵਨਾ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਪੀਟੀਆਈ