ਹਰਿਮੰਦਰ ਸਾਹਿਬ ਕੰਪਲੈਕਸ ਦੁਆਲੇ ਸਖ਼ਤ ਸੁਰੱਖਿਆ ਦੀ ਮੰਗ
ਟ੍ਰਿਬਿਉੂਨ ਨਿਉੂਜ ਸਰਵਿਸ
ਅੰਮ੍ਰਿਤਸਰ, 5 ਜਨਵਰੀ
ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਕਾਲੀ ਆਗੂ ’ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਇਥੇ ਗੁਰੂ ਘਰ ਵਿੱਚ ਸੁਰੱਖਿਆ ਪ੍ਰਬੰਧ ਸਖਤ ਕਰਨ ਦੀ ਮੰਗ ਉੱਠਣ ਲੱਗੀ ਹੈ। ਇਸ ਸਬੰਧੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਸ਼੍ਰੋੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਭੇਜ ਕੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਚਾਰੋਂ ਪਾਸੇ ਸੁਰੱਖਿਆ ਸਬੰਧੀ ਸਮੀਖਿਆ ਕਰਕੇ ਠੋਸ ਉਪਰਾਲੇ ਕਰਨ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਪੂਰਨ ਰੂਪ ਵਿੱਚ ਸੁਰੱਖਿਆ ਪ੍ਰਬੰਧ ਕੀਤੇ ਜਾਣ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੂੰ ਕੰਪਲੈਕਸ ਦੇ ਚਾਰੇ ਪਾਸੇ ਪੇਸ਼ੇਵਰ ਤਰੀਕੇ ਨਾਲ ਅਤੇ ਆਧੁਨਿਕ ਤਕਨੀਕ ਨਾਲ ਜਾਂਚ ਮਸ਼ੀਨਾਂ ਲਾ ਕੇ ਸਤਿਕਾਰ ਨਾਲ ਸ਼ਰਧਾਲੂਆਂ ਦੇ ਸਾਮਾਨ ਦੀ ਜਾਂਚ ਕਰਨ ਲਈ ਸਰਲ ਤਰੀਕਾ ਲੱਭਣਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰਾ ’ਤੇ ਸੁਰੱਖਿਆ ਜਾਂਚ ਵਾਸਤੇ ਮੈਟਲ ਡਿਟੈਕਟਰ ,ਫਰਿਸਕਿੰਗ ਦੇ ਢੁਕਵੇਂ ਪ੍ਰਬੰਧ ਹੋਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਨਾਲ ਸਾਂਝੀ ਰਾਏ ਕਰਕੇ ਇਸ ਪਾਸੇ ਗੰਭੀਰਤਾ ਨਾਲ ਸੋਚੇ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅਤੇ ਸਮੁੱਚੇ ਤਖ਼ਤ ਸਾਹਿਬਾਨ ਦੇ ਕੰਪਲੈਕਸ ਅੰਦਰ ਤੰਬਾਕੂ, ਬੀੜੀ ਅਤੇ ਸ਼ੱਕੀ ਪਦਾਰਥਾਂ ਦੀ ਆਮਦ ਨੂੰ ਰੋਕਣ ਲਈ ਸਖ਼ਤੀ ਨਾਲ ਕਦਮ ਚੁੱਕਣ ਲਈ ਠੋਸ ਉਪਾਅ ਕਰਨ ਦੀ ਲੋੜ ਹੈ। ਫੈਡਰੇਸ਼ਨ ਆਗੂਆਂ ਨੇ ਸ਼੍ਰੋੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਅੰਤਰਿੰਗ ਕਮੇਟੀ ਦੀ ਮੀਟਿੰਗ ਸੱਦ ਕੇ ਦਿੱਤੇ ਗਏ ਸੁਝਾਵਾਂ ਦੀ ਰੋਸ਼ਨੀ ’ਚ ਠੋਸ ਉਪਰਾਲੇ ਕੀਤੇ ਜਾਣ।