ਹਮਲਾਵਰ ਘਰ ’ਤੇ ਗੋਲੀਆਂ ਚਲਾ ਕੇ ਫ਼ਰਾਰ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 14 ਮਈ
ਦੇਰ ਰਾਤ ਸਥਾਨਕ ਸਰਹਿੰਦੀ ਗੇਟ ਸਾਹਮਣੇ ਮੁਹੱਲਾ ਬਾਗ ਬਸਤੀ ’ਚ ਪੰਜ ਮੋਟਰਸਾਈਕਲਾਂ ’ਤੇ ਆਏ ਦਰਜਨ ਤੋਂ ਵੱਧ ਹਮਲਾਵਰ ਘਰ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਥਾਣਾ ਸਿਟੀ-1 ਮਾਲੇਰਕੋਟਲਾ ਪੁਲੀਸ ਨੇ ਘਰ ਦੇ ਮਾਲਕ ਮੁਹੰਮਦ ਸਹਿਬਾਜ਼ ਦੇ ਬਿਆਨਾਂ ’ਤੇ ਮੁਹੰਮਦ ਕੈਫ਼ ਅਤੇ 9 ਹੋਰ ਵਿਅਕਤੀਆਂ ਸਣੇ ਪੰਜ ਛੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਹੰਮਦ ਸਹਿਬਾਜ਼ ਨੇ ਦੋਸ਼ ਲਾਇਆ ਕਿ ਉਸ ਨੂੰ ਰਾਤੀਂ ਕਰੀਬ 9.30 ਵਜੇ ਮੁਹੰਮਦ ਕੈਫ ਨੇ ਇੰਸਟਾਗ੍ਰਾਮ ’ਤੇ ਕਥਿਤ ਤੌਰ ’ਤੇ ਗਾਲ਼ੀ ਗਲੋਚ ਕੀਤਾ ਅਤੇ ਬਾਅਦ ਵਿਚ ਕਰੀਬ 10.30 ਵਜੇ ਉਹ ਪੰਜ ਮੋਟਰਸਾਈਕਲਾਂ ’ਤੇ ਸਵਾਰ ਕਰੀਬ 15 ਹੋਰ ਵਿਅਕਤੀਆਂ ਸਣੇ ਉਸ ਦੇ ਘਰ ਅੱਗੇ ਆਇਆ। ਮਗਰੋਂ ਹਮਲਾਵਰਾਂ ਨੇ ਉਸ ਦੇ ਘਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇੱਕ ਗੋਲੀ ਦਰਵਾਜ਼ੇ ’ਚ ਖੜ੍ਹੀ ਉਸ ਦੀ ਮਾਂ ਬਿਲਕਿਸ ਵੱਲ ਵੀ ਚਲਾਈ। ਮੁਹੰਮਦ ਸਹਿਬਾਜ਼ ਨੇ ਦੱਸਿਆ ਕਿ ਹਮਲਾਵਰ ਜਾਂਦੇ ਹੋਏ ਉਸ ਦੇ ਘਰ ਨੂੰ ਕਥਿਤ ਤੌਰ ’ਤੇ ਬੰਬ ਨਾਲ ਉਡਾਉਣ ਦੀ ਧਮਕੀ ਵੀ ਦੇ ਗਏ। ਉਸ ਨੇ ਦੱਸਿਆ ਕਿ ਉਸ ਦਾ ਪਹਿਲਾਂ ਵੀ ਇਨ੍ਹਾਂ ਵਿਅਕਤੀਆਂ ਨਾਲ ਝਗੜਾ ਹੋ ਗਿਆ ਸੀ ਜਿਸ ਦਾ ਸਮਝੌਤਾ ਵੀ ਹੋ ਚੁੱਕਿਆ ਹੈ। ਥਾਣਾ ਸਿਟੀ-1 ਮਾਲੇਰਕੋਟਲਾ ਦੇ ਮੁੱਖ ਅਫਸਰ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਦਰਮਿਆਨ ਪੁਰਾਣੀ ਰੰਜ਼ਿਸ ਕਾਰਨ ਵਾਪਰੀ ਇਸ ਘਟਨਾ ਵਿੱਚ ਦੋ ਗੋਲੀਆਂ ਚੱਲੀਆਂ ਹਨ। ਮੁਹੰਮਦ ਕੈਫ ਵਾਸੀ ਬਾਗ ਬਸਤੀ, ਅਨਸ਼ ਉਰਫ ਅਲੀ, ਸਾਹਿਲ, ਅਲੀ, ਮੂਨ, ਆਜ਼ਮ ਜੰਗਲੀ, ਸਾਨ, ਤਾਬਿਸ਼, ਵੁਮਨ ਅਤੇ ਰਾਸ਼ਿਦ ਸਣੇ ਪੰਜ ਛੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।