ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੱਚਾਈ ਸਾਹਮਣੇ ਲਿਆਉਣ ਲਈ ਕੈਨੇਡਾ ਨਾਲ ਮਿਲ ਕੇ ਕੰਮ ਕਰੇ ਭਾਰਤ: ਟਰੂਡੋ

08:02 AM Sep 22, 2023 IST

ਨਿਊ ਯਾਰਕ, 21 ਸਤੰਬਰ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਮੁੜ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਖਾਲਿਸਤਾਨੀ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ‘ਪ੍ਰਮਾਣਿਕ ਦੋਸ਼’ ਲਾਏ ਹਨ ਤੇ ਇਨ੍ਹਾਂ ਨੂੰ ‘ਬੇਹੱਦ ਸੰਜੀਦਗੀ’ ਨਾਲ ਲਿਆ ਜਾਣਾ ਚਾਹੀਦਾ ਹੈ। ਟਰੂਡੋ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਨਿਆਂ ਯਕੀਨੀ ਬਣਾਉਣ ਤੇ ਸੱਚਾਈ ਸਾਹਮਣੇ ਲਿਆਉਣ ਲਈ ਕੈਨੇਡਾ ਨਾਲ ਮਿਲ ਕੇ ਕੰਮ ਕਰੇ। ਭਾਰਤ ਤੇ ਕੈਨੇਡਾ ਵਿਚਾਲੇ ਬਣੇ ਕੂਟਨੀਤਕ ਟਕਰਾਅ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਟਰੂਡੋ ਨੇ ਕਿਹਾ, ‘‘ਅਸੀਂ ਭਾਰਤ ਸਰਕਾਰ ਨੂੰ ਸੱਦਾ ਦਿੰਦੇ ਹਾਂ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਲਏ ਤੇ ਸਾਡੇ ਨਾਲ ਮਿਲ ਕੇ ਕੰਮ ਕਰੇ ਤਾਂ ਕਿ ਪਾਰਦਰਸ਼ਤਾ, ਜਵਾਬਦੇਹੀ ਤੇ ਨਿਆਂ ਯਕੀਨੀ ਬਣਾਇਆ ਜਾ ਸਕੇ।’’ ਭਾਰਤ ਵੱਲੋਂ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁਅੱਤਲ ਕੀਤੇ ਜਾਣ ਮਗਰੋਂ ਉਨ੍ਹਾਂ ਦੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਜਵਾਬੀ ਕਾਰਵਾਈ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਟਰੂਡੋ ਨੇ ਕਿਹਾ, ‘‘ਸਾਡੇ ਮੁਲਕ ਵਿੱਚ ਕਾਨੂੰਨ ਦਾ ਰਾਜ ਹੈ। ਕੈਨੇਡੀਅਨਾਂ ਦੀ ਸੁਰੱਖਿਆ ਅਤੇ ਆਪਣੀਆਂ ਕਦਰਾਂ ਕੀਮਤਾਂ ਤੇ ਕੌਮਾਂਤਰੀ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅਸੀਂ ਕੰਮ ਕਰਦੇ ਰਹਾਂਗੇ। ਇਸ ਵੇਲੇ ਸਾਡਾ ਸਾਰਾ ਧਿਆਨ ਇਸੇ ਪਾਸੇ ਹੈ।’’ ਟਰੂਡੋ ਨੇ ਕਿਹਾ, ‘‘ਸਾਡੇ ਕੋਲ ਦੋਸ਼ਾਂ ਬਾਰੇ ਪ੍ਰਮਾਣਿਕ ਜਾਣਕਾਰੀ ਹੈ, ਜਿਸ ਨੂੰ ਸਾਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ।’’ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾ ਤਾਂ ਕਿਸੇ ਨੂੰ ਉਕਸਾ ਰਹੀ ਸੀ ਤੇ ਨਾ ਕੋਈ ਮੁਸ਼ਕਲ ਖੜ੍ਹੀ ਕਰਨੀ ਚਾਹੁੰਦੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ, ‘‘ਇਸ ਵਿਚ ਕੋਈ ਦੋ ਰਾਇ ਨਹੀਂ ਕਿ ਭਾਰਤ ਦੀ ਮਹੱਤਤਾ ਵਧਦੀ ਜਾ ਰਹੀ ਹੈ ਤੇ ਉਹ ਅਜਿਹਾ ਮੁਲਕ ਹੈ ਜਿਸ ਨਾਲ ਸਾਨੂੰ ਕੰਮ ਕਰਦੇ ਰਹਿਣ ਦੀ ਲੋੜ ਹੈ, ਨਾ ਸਿਰਫ਼ ਖਿੱਤੇ ਵਿਚ ਬਲਕਿ ਕੁੱਲ ਆਲਮ ਵਿਚ। ਅਸੀਂ ਨਾ ਕਿਸੇ ਨੂੰ ਉਕਸਾ ਰਹੇ ਹਾਂ ਤੇ ਨਾ ਹੀ ਕੋਈ ਸਮੱਸਿਆ ਖੜ੍ਹੀ ਕਰਨਾ ਚਾਹੁੰਦੇ ਹਾਂ। ਪਰ ਅਸੀਂ ਕਾਨੂੰਨ ਦੇ ਰਾਜ ਤੇ ਕੈਨੇਡੀਅਨਾਂ ਦੀ ਸੁਰੱਖਿਆ ਦੀ ਮਹੱਤਤਾ ਬਾਰੇ ਸਪਸ਼ਟ ਹਾਂ। ਇਹੀ ਵਜ੍ਹਾ ਹੈ ਕਿ ਅਸੀਂ ਭਾਰਤ ਸਰਕਾਰ ਨੂੰ ਸੱਦਾ ਦਿੰਦੇ ਹਾਂ ਕਿ ਉਹ ਸੱਚਾਈ ਸਾਹਮਣੇ ਲਿਆਉਣ ਲਈ ਸਾਡੇ ਨਾਲ ਮਿਲ ਕੇ ਕੰਮ ਕਰੇ ਤਾਂ ਕਿ ਨਿਆਂ ਤੇ ਜਵਾਬਦੇਹੀ ਯਕੀਨੀ ਬਣੇ।’’ -ਪੀਟੀਆਈ

Advertisement

ਟਰੂਡੋ ਦੀ ਪਾਰਟੀ ਦਾ ਸੰਸਦ ਮੈਂਬਰ ‘ਅਤਿਵਾਦ ਨੂੰ ਵਡਿਆਉਣ’ ਤੋਂ ਨਿਰਾਸ਼

ਟੋਰਾਂਟੋ: ਭਾਰਤ ਤੇ ਕੈਨੇਡਾ ਵਿਚਲੇ ਜਾਰੀ ਕੂਟਨੀਤਕ ਟਕਰਾਅ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਦੇ ਇਕ ਇੰਡੋ-ਕੈਨੇਡੀਅਨ ਕਾਨੂੰਨਸਾਜ਼ ਨੇ ‘ਅਤਿਵਾਦ ਨੂੰ ਵਡਿਆਉਣ’ ਤੇ ‘ਪ੍ਰਗਟਾਵੇ ਦੀ ਆਜ਼ਾਦੀ’ ਦੇ ਨਾਂ ’ਤੇ ਮੁਲਕ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਂਦੇ ਨਫ਼ਰਤੀ ਅਪਰਾਧ ਉੱਤੇ ਨਿਰਾਸ਼ਾ ਜਤਾਈ ਹੈ। ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਵਿੱਚ ਨੇਪੀਅਨ (ਇਲੈਕਟੋਰਲ ਜ਼ਿਲ੍ਹੇ) ਦੀ ਨੁਮਾਇੰਦਗੀ ਕਰਦੇ ਚੰਦਰ ਆਰੀਆ ਨੇ ਇਹ ਤਿੱਖਾ ਪ੍ਰਤੀਕਰਮ ਅਜਿਹੇ ਮੌਕੇ ਦਿੱਤਾ ਹੈ ਜਦੋਂ ਵੱਖਵਾਦੀ ਅਨਸਰਾਂ, ਜਿਨ੍ਹਾਂ ਨੂੰ ਖਾਲਿਸਤਾਨੀ ਅੰਦੋਲਨ ਦੇ ਇਕ ਆਗੂ ਦੀ ਹਮਾਇਤ ਹਾਸਲ ਹੈ, ਨੇ ਹਿੰਦੂਆਂ ਨੂੰ ਸ਼ਰ੍ਹੇਆਮ ਕੈਨੇਡਾ ਛੱਡ ਕੇ ਵਾਪਸ ਭਾਰਤ ਜਾਣ ਲਈ ਕਿਹਾ ਹੈ। ਕੈਨੇਡਾ ਦੀ ਲਬਿਰਲ ਪਾਰਟੀ ਦੇ ਮੈਂਬਰ ਆਰੀਆ ਨੇ ਕਿਹਾ, ‘‘ਕੁਝ ਦਿਨ ਪਹਿਲਾਂ ਕੈਨੇਡਾ ਵਿੱਚ ਖਾਲਿਸਤਾਨ ਅੰਦੋਲਨ ਦੇ ਆਗੂ ਤੇ ਸਿੱਖਸ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੇ ਕੈਨੇਡਾ ਵਿੱਚ ਰਹਿੰਦੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਨੂੰ ਵਾਪਸ ਭਾਰਤ ਜਾਣ ਲਈ ਕਿਹਾ ਸੀ। ਮਿੱਥ ਕੇ ਕੀਤੇ ਇਸ ਹਮਲੇ ਮਗਰੋਂ ਮੈਨੂੰ ਕਈ ਹਿੰਦੂ-ਕੈਨੇਡੀਅਨਾਂ ਤੋਂ ਸੁਣਨ ਨੂੰ ਮਿਲਿਆ ਹੈ ਕਿ ਉਹ ਡਰੇ ਹੋਏ ਹਨ। ਮੈਂ ਹਿੰਦੂ-ਕੈਨੇਡੀਅਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸ਼ਾਂਤ ਰਹਿਣ, ਪਰ ਚੌਕਸੀ ਵਰਤਣ। ਜੇਕਰ ਹਿੰਦੂਫੋਬੀਆ ਨਾਲ ਸਬੰਧਤ ਕੋਈ ਘਟਨਾ ਵਾਪਰਦੀ ਹੈ ਤਾਂ ਸਬੰਧਤ ਕਾਨੂੰਨ ਏਜੰਸੀਆਂ ਨੂੰ ਇਸ ਬਾਰੇ ਦੱਸਿਆ ਜਾਵੇ।’’ ਆਰੀਆ ਨੇ ਕਿਹਾ ਕਿ ਖਾਲਿਸਤਾਨ ਅੰਦੋਲਨ ਦੇ ਆਗੂ ਵੱਲੋਂ ਹਿੰਦੂਆਂ ਨੂੰ ਉਕਸਾਉਣ ਅਤੇ ਹਿੰਦੂਆਂ ਤੇ ਸਿੱਖਾਂ ਵਿਚ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੰਸਦ ਮੈਂਬਰ ਨੇ ਕਿਹਾ, ‘‘ਸਾਡੇ ਬਹੁਗਿਣਤੀ ਕੈਨੇਡੀਅਨ ਸਿੱਖ ਭਰਾ ਤੇ ਭੈਣਾਂ ਖਾਲਿਸਤਾਨ ਅੰਦੋਲਨ ਦੀ ਹਮਾਇਤ ਨਹੀਂ ਕਰਦੀਆਂ। ਬਹੁਤੇ ਸਿੱਖ ਕੈਨੇਡੀਅਨ ਕਈ ਕਾਰਨਾਂ ਕਰਕੇ ਭਾਵੇਂ ਜਨਤਕ ਤੌਰ ’ਤੇ ਖਾਲਿਸਤਾਨ ਅੰਦੋਲਨ ਦੀ ਨੁਕਤਾਚੀਨੀ ਨਹੀਂ ਕਰਦੇ, ਪਰ ਉਹ ਹਿੰਦੂ-ਕੈਨੇਡੀਅਨ ਭਾਈਚਾਰੇ ਨਾਲ ਜੁੜੇ ਹੋਏ ਹਨ। ਕੈਨੇਡੀਅਨ ਹਿੰਦੂਆਂ ਤੇ ਸਿੱਖਾਂ ਦਰਮਿਆਨ ਪਰਿਵਾਰਕ ਰਿਸ਼ਤੇ ਹਨ ਤੇ ਉਨ੍ਹਾਂ ਵਿਚ ਰਿਸ਼ਤਿਆਂ ਦੀ ਸਾਂਝ ਹੈ।’’ -ਪੀਟੀਆਈ

ਟਰੂਡੋ ਸਰਕਾਰ ਵੱਲੋਂ ਭਾਰਤ ਦੀ ਯਾਤਰਾ ਐਡਵਾਈਜ਼ਰੀ ਖਾਰਜ

ਟੋਰਾਂਟੋ: ਟਰੂਡੋ ਸਰਕਾਰ ਨੇ ਭਾਰਤ ਵੱਲੋਂ ਕੈਨੇਡਾ ਵਿੱਚ ਸੁਰੱਖਿਆ ਜੋਖ਼ਮਾਂ ਦੇ ਹਵਾਲੇ ਨਾਲ ਜਾਰੀ ਯਾਤਰਾ ਐਡਵਾਈਜ਼ਰੀ ਖਾਰਜ ਕਰ ਦਿੱਤੀ ਹੈ। ਕੈਨੇਡਾ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਵਿਸ਼ਵ ਦੇ ਸਭ ਤੋਂ ਸੁਰੱਖਿਅਤ ਮੁਲਕਾਂ ਵਿਚੋਂ ਇਕ ਹੈ। ਖਾਲਿਸਤਾਨੀ ਵੱਖਵਾਦੀ ਆਗੂ ਦੀ ਹੱਤਿਆ ਨੂੰ ਲੈ ਕੇ ਦੋਵਾਂ ਮੁਲਕਾਂ ਦਰਮਿਆਨ ਬਣੇ ਕੂਟਨੀਤਕ ਟਕਰਾਅ ਵਿਚਾਲੇ ਕੈਨੇਡਾ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਭਾਰਤ ਨੇ ਬੁੱਧਵਾਰ ਨੂੰ ਜਾਰੀ ਐਡਵਾਈਜ਼ਰੀ ਵਿੱਚ ਕੈਨੇਡਾ ਰਹਿੰਦੇ ਆਪਣੇ ਸਾਰੇ ਨਾਗਰਿਕਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਭਾਰਤ ਵਿਰੋਧੀ ਸਰਗਰਮੀਆਂ ਤੇ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧਣ ਦੇ ਮੱਦੇਨਜ਼ਰ ਯਾਤਰਾ ਮੌਕੇ ‘ਚੌਕਸੀ’ ਵਰਤਣ। ਐੱਸਐੱਫਜੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੋਮਵਾਰ ਨੂੰ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਦਿੱਤੇ ਰੈਲੀਆਂ ਦੇ ਸੱਦੇ ਦਰਮਿਆਨ ਕੈਨੇਡਾ ਦੇ ਪਰਵਾਸ ਮੰਤਰੀ ਮਾਰਕ ਮਿੱਲਰ ਨੇ ਭਾਰਤੀ ਨਾਗਰਿਕਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦਾ ਮੁਲਕ ਯਾਤਰਾ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕੈਨੇਡੀਅਨ ਪ੍ਰੈੱਸ ਨੇ ਮਿੱਲਰ ਦੇ ਹਵਾਲੇ ਨਾਲ ਕਿਹਾ, ‘‘ਮੇਰਾ ਮੰਨਣਾ ਹੈ ਕਿ ਹਰ ਕੋਈ ਜਾਣਦਾ ਹੈ ਕਿ ਕੈਨੇਡਾ ਸੁਰੱਖਿਅਤ ਮੁਲਕ ਹੈ ਤੇ ਪਿਛਲੇ ਦੋ ਜਾਂ ਤਿੰਨ ਦਿਨਾਂ ਦੀਆਂ ਘਟਨਾਵਾਂ ਤੇ (ਟਰੂਡੋ ਵੱਲੋਂ ਲਾਏ) ਦੋਸ਼ਾਂ ਦੀ ਗੰਭੀਰਤਾ ਦੇ ਮੱਦੇਨਜ਼ਰ ਸਾਰਿਆਂ ਲਈ ਜ਼ਰੂਰੀ ਹੈ ਕਿ ਉਹ ਸ਼ਾਂਤੀ ਬਣਾ ਕੇ ਰੱਖਣ।’’ ਉਧਰ ਹਾਊਸਿੰਗ, ਇਨਫਰਾਸਟ੍ਰਕਰਚ ਤੇ ਕਮਿਊਨਿਟੀਜ਼ ਮੰਤਰੀ ਸ਼ੀਨ ਫਰੇਜ਼ਰ ਨੇ ਕਿਹਾ ਕਿ ਉਹ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਨਾਲ ਜੁੜੀ ਜਾਂਚ ਬਾਰੇ ਕੋਈ ਟਿੱਪਣੀ ਨਹੀਂ ਕਰਨਗੇ, ਕਿਉਂਕਿ ਉਹ ਜਾਂਚ ਦੇ ਅਮਲ ਨੂੰ ਅਸਰਅੰਦਾਜ਼ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਕੈਨੇਡੀਅਨਾਂ ਨੂੰ ਸੁਰੱਖਿਆ ਸੇਵਾਵਾਂ ਦੀ ਜਾਂਚ ’ਤੇ ਪੂਰਾ ਭਰੋਸਾ ਹੈ। -ਪੀਟੀਆਈ

Advertisement

Advertisement