ਸੰਧਵਾਂ ਦੇ ਘਰ ਵੱਲ ਮਾਰਚ 11 ਨੂੰ
ਸਿੱਖਿਆ ਵਿਭਾਗ ਪਦਉੱਨਤ ਹੋਣ ਵਾਲੇ ਅਧਿਆਪਕਾਂ ਨੂੰ ਮਨਮਾਨੇ ਢੰਗ ਨਾਲ ਦੂਰ ਦੁਰੇਡੇ ਸਟੇਸ਼ਨ ਦੇਣ, ਵਿਦਿਆਰਥੀਆਂ ਦੀ ਘੱਟ ਗਿਣਤੀ ਦਾ ਬਹਾਨਾ ਬਣਾ ਕੇ ਮਿਡਲ ਸਕੂਲ ਬੰਦ ਕਰਨ ਅਤੇ ਅਧਿਆਪਕਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਡੈਮੋਕਰੇਟਿਕ ਟੀਚਰਜ਼ ਫਰੰਟ ਅਤੇ ਸਾਂਝਾ ਅਧਿਆਪਕ ਮੋਰਚਾ ਵੱਲੋਂ 11 ਜਨਵਰੀ ਨੂੰ ਕੋਟਕਪੂਰਾ ਵਿੱਚ ਰੋਸ ਰੈਲੀ ਕਰਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਵੱਲ ਕੀਤੇ ਜਾਣ ਵਾਲੇ ਮਾਰਚ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ। ਡੀਟੀਐੱਫ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਖਵਿੰਦਰਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਵਿਸ਼ਵ ਭਾਨੂੰ ਸ਼ਰਮਾ, ਸਕੱਤਰ ਅਵਤਾਰ ਲਾਲ, ਬਲਾਕ ਸ਼ਾਹਕੋਟ ਦੇ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਤੇ ਨਰਿੰਦਰਪਾਲ, ਸਕੱਤਰ ਅਮਨਦੀਪ ਸਿੰਘ ਸ਼ਾਹਕੋਟ ਤੇ ਰਾਜਵਿੰਦਰ ਪਾਲ ਸਿੰਘ, ਗੌਰਵ ਕੁਮਾਰ ਤੇ ਗੁਰਚਰਨ ਸਿੰਘ ਭੋਡੀਪੁਰ ਨੇ ਦੱਸਿਆ ਕਿ ਲੰਬੀ ਉਡੀਕ ਤੋਂ ਬਾਅਦ ਜਿਨ੍ਹਾਂ ਅਧਿਆਪਕਾਂ ਦੀਆਂ ਤਰੱਕੀਆਂ ਹੋਈਆਂ, ਉਨ੍ਹਾਂ ਨੂੰ ਸਰਕਾਰ ਦੇ ਇਸ਼ਾਰਿਆਂ ’ਤੇ ਅਫ਼ਸਰਸ਼ਾਹੀ ਨੇ ਉਨ੍ਹਾਂ ਨੂੰ ਦੂਜੇ ਜ਼ਿਲ੍ਹਿਆਂ ਵਿੱਚ ਭੇਜਕੇ ਖੂਬ ਖੱਜਲ ਖੁਆਰ ਕੀਤਾ ਹੈ। ਸਰਕਾਰ ਦੀਆਂ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਖਿਲਾਫ਼ 11 ਜਨਵਰੀ ਨੂੰ ਕੋਟਕਪੂਰਾ ਵਿੱਚ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਜਿਸ ’ਚ ਹਜ਼ਾਰਾਂ ਅਧਿਆਪਕ ਸ਼ਮੂਲੀਅਤ ਕਰਨਗੇ।