ਲੈਫਟੀਨੈਂਟ ਕਰਨਲ ਗੁਰਮੁੱਖ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਪੱਤਰ ਪ੍ਰੇਰਕ
ਧਾਰੀਵਾਲ, 8 ਜਨਵਰੀ
ਭਾਰਤੀ ਫੌਜ ਦੀ 4 ਜੈਕ ਰਾਈਫਲ ਯੂਨਿਟ ਦੇ ਲੈਫਟੀਨੈਟ ਕਰਨਲ ਗੁਰਮੁੱਖ ਸਿੰਘ (45) ਦਾ ਜੱਦੀ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਤੁਗਲਵਾਲ ਨੇੜੇ ਵਾਪਰੇ ਟਿੱਪਰ-ਕਾਰ ਹਾਦਸੇ ਦੌਰਾਨ ਮੌਤ ਹੋ ਗਈ ਸੀ। ਉਸ (ਲੈਫਟੀਨੈਂਟ ਕਰਨਲ ਗੁਰਮੁੱਖ ਸਿੰਘ) ਦਾ ਛੋਟਾ ਭਰਾ ਸ਼ਮਸ਼ੇਰ ਸਿੰਘ ਵਿੱਚ ਭਾਰਤੀ ਫ਼ੌਜ ਵਿੱਚ ਸੂਬੇਦਾਰ ਹੈ ਅਤੇ ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ 18 ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਪਿੱਛੇ ਪਰਿਵਾਰ ਵਿੱਚ ਉਸਦੀ ਪਤਨੀ ਪਰਮਜੀਤ ਕੌਰ ਅਤੇ ਛੋਟੇ ਦੋ ਬੱਚੇ (ਲੜਕੀ ਤੇ ਲੜਕਾ) ਹਨ। ਭਾਰਤੀ ਫ਼ੌਜ ਦੇ ਅਫਸਰ ਅਤੇ ਜਵਾਨ ਲੈਫਟੀਨੈਂਟ ਕਰਨਲ ਗੁਰਮੁੱਖ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਤਿਰੰਗੇ ’ਚ ਲਿਪਟੀ ਲਾਸ਼ ਲੈ ਕੇ ਪਿੰਡ ਜਫਰਵਾਲ ਪਹੁੰਚੇ ਤਾਂ ਮਾਹੌਲ ਬਹੁਤ ਗਮਗੀਨ ਸੀ। ਸਸਕਾਰ ਮੌਕੇ ਖਾਸਾ ਛਾਉਣੀ ਤੋਂ ਆਏ 11 ਜੈਕ ਰਾਈਫਲ ਯੂਨਿਟ ਦੇ ਫੌਜੀ ਜਵਾਨਾਂ ਨੇ ਮਾਤਮੀ ਧੁਨਾਂ ਵਜਾ ਕੇ ਅਤੇ ਹਥਿਆਰ ਪੁੱਠੇ ਕਰ ਕੇ ਲੈਫਟੀਨੈਂਟ ਕਰਨਲ ਗੁਰਮੁੱਖ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਚਾਰ ਜੈਕ ਰਾਈਫਲ ਦੇ ਕਰਨਲ ਅਨੁਰਾਗ ਅਸਥਾਨਾ, ਲੈਫਟੀਨੈਟ ਕਰਨਲ ਯੁਗੇਸ਼ ਲਾਡ, ਮੇਜਰ ਵਰੁਣ ਸ਼ਰਮਾ, 3 ਜੈਕ ਰਾਈਫਲ ਯੂਨਿਟ ਦੇ ਮੇਜਰ ਸੁਖਬੀਰ ਸਿੰਘ, 16 ਗਾਰਡ ਯੂਨਿਟ ਬਿਆਸ ਦੇ ਲੈਫਟੀਨੈਂਟ ਕਰਨਲ ਨਿਖਲ ਨਾਮਬੀਆਰ, 4 ਸਿੱਖ ਯੂਨਿਟ ਤਿੱਬੜੀ ਛਾਉਣੀ ਦੇ ਅਫਸਰਾਂ ਸਣੇ ਹੋਰ ਫ਼ੌਜੀ ਅਧਿਕਾਰੀਆਂ ਅਤੇ ਜਵਾਨਾਂ ਨੇ ਆਪਣੇ ਸਾਥੀ ਨੂੰ ਸਲਾਮੀ ਦਿੱਤੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ 11 ਸਾਲਾ ਬੇਟੇ ਨੇ ਦਿਖਾਈ।