ਸੰਘਰਸ਼ ਦੀ ਚਿਤਾਵਨੀ ਮਗਰੋਂ ਸਕੂਲ ਤੋਂ ਕਬਜ਼ਾ ਛੁਡਵਾਉਣ ਦਾ ਭਰੋਸਾ
ਕਈ ਮਹੀਨਿਆਂ ਤੋਂ ਸਰਕਾਰੀ ਬੇਸਿਕ ਪ੍ਰਾਇਮਰੀ ਸਕੂਲ ਦੀ ਇਮਾਰਤ ’ਤੋਂ ਹੋਮ ਗਾਰਡ ਦਾ ਕਬਜ਼ਾ ਛੁਡਵਾਉਣ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਤੇ ਇਲਾਕਾ ਵਾਸੀਆਂ ਨੇ ਹੁਣ ਕਮਰੇ ਖਾਲੀ ਨਾ ਕਰਨ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਵੀ ਤਾੜਨਾ ਕੀਤਾ ਗਈ ਹੈ ਪਰ ਹਾਲੇ ਤੱਕ ਹੋਮ ਗਾਰਡਾਂ ਨੇ ਸਕੂਲ ਦੇ ਕਮਰੇ ਖਾਲੀ ਨਹੀਂ ਕੀਤੇ।
ਕੋਈ ਕਾਰਵਾਈ ਨਾ ਹੁੰਦੀ ਵੇਖ ਅੱਜ ਜਨਤਕ ਆਗੂਆਂ ਦਾ ਵਫ਼ਦ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲਿਆ। ਇਸ ਵਿੱਚ ਸੀਨੀਅਰ ਸਿਟੀਜ਼ਨਜ਼ ਸੰਘਰਸ਼ ਕਮੇਟੀ ਅਤੇ ਡੀਟੀਐਫ ਦੇ ਅਹੁਦੇਦਾਰ ਵੀ ਸ਼ਾਮਲ ਸਨ। ਵਫ਼ਦ ਨੇ ਤਾੜਨਾ ਕੀਤੀ ਕਿ ਜੇ ਜਲਦ ਕਮਰੇ ਖਾਲੀ ਕਰਵਾ ਕੇ ਅਧਿਆਪਕਾਂ ਦੇ ਸਪੁਰਦ ਨਾ ਕੀਤੇ ਗਏ ਤਾਂ ਧਰਨਾ ਲਾਉਣਾ ਤੇ ਚੱਕਾ ਜਾਮ ਕਰਨਾ ਮਜਬੂਰੀ ਬਣ ਜਾਵੇਗੀ। ਐੱਸਡੀਐੱਮ ਕਰਨਬੀਰ ਸਿੰਘ ਨੇ ਇਸ ਮਗਰੋਂ ਜਲਦ ਹੋਮ ਗਾਰਡ ਦੇ ਕਬਜ਼ੇ ਵਿੱਚੋਂ ਖਾਲੀ ਕਰਵਾਉਣ ਦਾ ਭਰੋਸਾ ਦਿੱਤਾ। ਸੰਘਰਸ਼ ਕਮੇਟੀ ਦੇ ਆਗੂ ਅਵਤਾਰ ਸਿੰਘ ਤੇ ਜੋਗਿੰਦਰ ਆਜ਼ਾਦ ਨੇ ਦੱਸਿਆ ਕਿ ਬੇਸਿਕ ਸਕੂਲ ਦੀ ਇਮਾਰਤ ਹੋਮਗਾਰਡ ਦਫ਼ਤਰ ਤੋਂ ਵਾਪਸ ਕਰਵਾਉਣ ਸਬੰਧੀ ਡੀਸੀ ਲੁਧਿਆਣਾ ਵੱਲੋਂ 20 ਸਤੰਬਰ ਦੇ ਹੁਕਮ ਹਾਲੇ ਤੱਕ ਲਾਗੂ ਨਹੀਂ ਹੋ ਸਕੇ। ਉਨ੍ਹਾਂ ਹੈਰਾਨੀ ਪ੍ਰਗਟਾਈ ਕੀਤੀ ਕਿ ਸਾਢੇ ਤਿੰਨ ਮਹੀਨੇ ਲੰਘ ਜਾਣ ਉਪਰੰਤ ਵੀ ਇਹ ਹੁਕਮ ਲਾਗੂ ਨਹੀਂ ਕਰਵਾਏ ਜਾ ਰਹੇ ਜਦਕਿ ਹੁਕਮ 15 ਦਿਨ ਵਿੱਚ ਇਨ ਬਿੰਨ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਲੰਬੀ ਛੁੱਟੀ ਤੋਂ ਪਰਤੇ ਐੱਸਡੀਐੱਮ ਕਰਨਬੀਰ ਸਿੰਘ ਵੱਲੋਂ ਕਮੇਟੀ ਨੂੰ ਭਰੋਸਾ ਦਿੱਤਾ ਗਿਆ ਕਿ ਇਸ ਸਬੰਧੀ ਪੁਲੀਸ ਪ੍ਰਸ਼ਾਸ਼ਨ ਨੂੰ ਮੁੜ ਯਾਦ ਪੱਤਰ ਆਉਂਦੇ ਤਿੰਨ ਚਾਰ ਦਿਨਾਂ ਵਿੱਚ ਲਿਖਿਆ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਇਸ ਫੌਰੀ ਕਾਰਵਾਈ ਹੋਵੇ ਕਿਉਂਕਿ ਮਸਲਾ ਲਮਕਣ ਕਾਰਨ ਪ੍ਰਸ਼ਾਸਨ ਦਾ ਅਕਸ ਹਾਸੋਹੀਣਾ ਬਣ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਸਕੂਲ ਦੇ ਲਗਪਗ ਪੌਣੇ ਚਾਰ ਸੌ ਬੱਚੇ ਹਨ ਅਤੇ ਕਮਰੇ ਸੱਤ ਹੀ ਹਨ। ਇਸ ਕਰਕੇ ਅੱਧੀਆਂ ਜਮਾਤਾਂ ਕਮਰੇ ਪੂਰੇ ਨਾ ਹੋਣ ਕਾਰਨ ਇਸ ਠੰਢ ਦੇ ਮੌਸਮ ਵਿੱਚ ਵੀ ਬਾਹਰ ਹੀ ਲਗਾਉਣੀਆਂ ਪੈ ਰਹੀਆਂ ਹਨ। 8 ਤਰੀਕ ਤੋਂ ਦੁਬਾਰਾ ਸਕੂਲ ਖੁੱਲ੍ਹਣੇ ਹਨ, ਇਸ ਕਰਕੇ ਇਹ ਇਮਾਰਤ ਹੁਣ ਸਕੂਲ ਨੂੰ ਬਿਨਾਂ ਹੋਰ ਦੇਰੀ ਵਾਪਸ ਮਿਲਣੀ ਚਾਹੀਦੀ ਹੈ। ਆਗੂਆਂ ਨੇ ਬਾਅਦ ਵਿੱਚ ਮੀਟਿੰਗ ਕੀਤੀ ਅਤੇ ਮਹਿਸੂਸ ਕੀਤਾ ਕਿ ਇਸ ਮਾਮਲੇ ਵਿੱਚ ਲਾਲ ਫੀਤਾਸ਼ਾਹੀ ਵਾਲੀ ਨੀਤੀ ਨਾਲ ਸਮਾਂ ਟਪਾਇਆ ਜਾ ਰਿਹਾ ਹੈ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਵੀ ਇਸ ਮਸਲੇ 'ਤੇ ਲਗਾਤਾਰ ਚੁੱਪ ਧਾਰੀ ਰੱਖਣਾ ਹੈਰਾਨੀਜਨਕ ਹੈ। ਮੀਟਿੰਗ ਵਿੱਚ ਅਵਤਾਰ ਸਿੰਘ, ਜੋਗਿੰਦਰ ਆਜ਼ਾਦ ਤੋਂ ਇਲਾਵਾ ਬਲਵਿੰਦਰ ਸਿੰਘ, ਦਰਸ਼ਨ ਸਿੰਘ, ਹਰਭਜਨ ਸਿੰਘ ਸਿੱਧੂ, ਅਸ਼ੋਕ ਭੰਡਾਰੀ, ਦਵਿੰਦਰ ਸਿੰਘ ਸਿੱਧੂ, ਰਾਣਾ ਆਲਮਦੀਪ, ਸੁਧੀਰ ਝਾਂਜੀ, ਹਰਦੀਪ ਸਿੰਘ ਕਾਉਂਕੇ, ਹਰਪ੍ਰੀਤ ਸਿੰਘ ਮਲਕ, ਹਰਦੀਪ ਸਿੰਘ ਰਸੂਲਪੁਰ, ਸ਼ਰਨਜੀਤ ਸਿੰਘ, ਪਵਨਦੀਪ ਸਿੰਘ ਤੇ ਹੋਰ ਹਾਜ਼ਰ ਸਨ।