ਲੁਧਿਆਣਾ ਵਿੱਚ ਠੰਢ ਦਾ ਕਹਿਰ ਜਾਰੀ, ਸੰਘਣੀ ਧੁੰਦ ਨੇ ਸ਼ਹਿਰ ਨੂੰ ਢਕਿਆ
ਗਗਨਦੀਪ ਅਰੋੜਾ
ਲੁਧਿਆਣਾ, 4 ਜਨਵਰੀ
ਸਨਅਤੀ ਸ਼ਹਿਰ ਵਿੱਚ ਲਗਾਤਾਰ ਠੰਢ ਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਦਿਖਣ ਸਮਰੱਥਾ ਲਗਪਗ ਸਿਰਫ਼ ’ਤੇ ਪੁੱਜ ਗਈ ਹੈ। ਸ਼ੁੱਕਰਵਾਰ ਦੇਰ ਰਾਤ ਪਈ ਧੁੰਦ ਕਾਰਨ ਸ਼ਨਿਚਰਵਾਰ ਨੂੰ ਸਵੇਰੇ ਵੀ ਸੰਘਣੀ ਧੁੰਦ ਛਾਈ ਰਹੀ ਜਿਸ ਨੇ 12 ਵਜੇ ਤੱਕ ਸ਼ਹਿਰ ਨੂੰ ਢਕਿਆ ਹੋਇਆ ਸੀ। ਬਾਅਦ ਦੁਪਹਿਰ ਮੁਸ਼ਕਲ ਨਾਲ ਸੂਰਜ ਦਿਖਾਈ ਦਿੱਤਾ, ਪਰ ਧੁੱਪ ਹਲਕੀ ਤੇ ਠੰਢੀ ਲੱਗ ਰਹੀ ਸੀ। ਦਿਨ ਢਲਦੇ ਹੀ ਠੰਢ ਨੇ ਇੱਕ ਵਾਰ ਫਿਰ ਆਪਣੀ ਜਕੜ ਬਣਾ ਲਈ ਤੇ ਤਾਪਮਾਨ ਹੇਠਾਂ ਆ ਗਿਆ। ਜਿਵੇਂ ਜਿਵੇਂ ਹਨੇਰਾ ਵਧਣ ਲੱਗਿਆ ਉਵੇਂ ਹੀ ਸ਼ਹਿਰ ਵਿੱਚ ਮੁੜ ਸੰਘਣੀ ਧੁੰਦ ਫੈਲ ਗਈ। ਇਸ ਧੁੰਦ ਕਾਰਨ ਕਈ ਦਿਨਾਂ ਤੋਂ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਮਹਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਇੱਕ ਦੋ ਦਿਨਾਂ ਵੀ ਇਸੇ ਤਰ੍ਹਾਂ ਦਾ ਮੌਸਮ ਰਹੇਗਾ ਤੇ ਧੁੰਦ ਪਵੇਗੀ।
ਸਨਅਤੀ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬੱਦਲਵਾਈ ਤੇ ਧੁੰਦ ਛਾਈ ਹੋਈ ਹੈ। ਲਗਾਤਾਰ ਪਿਛਲੇ ਕਈ ਦਿਨਾਂ ਤੋਂ ਠੰਢ ਵੀ ਵਧਦੀ ਜਾ ਰਹੀ ਹੈ। ਦੁਪਹਿਰ ਵੇਲੇ ਕੁੱਝ ਸਮੇਂ ਲਈ ਨਿਕਲਦੀ ਧੁੱਪ ਨਾਲ ਕੁੱਝ ਰਾਹਤ ਮਿਲਦੀ ਹੈ। ਪਰ ਸ਼ਾਮ ਹੁੰਦੇ ਹੁੰਦੇ ਲੋਕ ਇੱਕ ਵਾਰ ਫਿਰ ਤੋਂ ਠੰਢ ਤੋਂ ਪ੍ਰੇਸ਼ਾਨ ਹੋ ਜਾਂਦੇ ਹਨ। ਪਿਛਲੇ ਦੋ ਦਿਨ ਤੋਂ ਲਗਾਤਾਰ ਪੈ ਰਹੀ ਸੰਘਣੀ ਧੁੰਦ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਸ਼ੁੱਕਰਵਾਰ ਤੇ ਸ਼ਨਿੱਚਰਵਾਰ ਦੋਵੇਂ ਦਿਨ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਸੜਕਾਂ ’ਤੇ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਬੀਤੀ ਰਾਤ ਤਾਂ ਸੜਕਾਂ ’ਤੇ ਦਿਖਣ ਸਮਰੱਥਾ ਬਿਲਕੁਲ ਸਿਰਫ਼ ’ਤੇ ਪੁੱਜ ਗਈ ਸੀ। ਜਿਸ ਕਰਕੇ ਵਾਹਨ ਚਾਲਕ ਬਹੁਤ ਹੌਲੀ ਚੱਲ ਰਹੇ ਸਨ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ’ਚ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ। ਆਉਣ ਵਾਲੇ ਦੋ ਤਿੰਨ ਦਿਨਾਂ ਵਿੱਚ ਤਾਪਮਾਨ ਚਾਰ ਡਿਗਰੀ ਤੱਕ ਜਾ ਸਕਦਾ ਹੈ। ਸ਼ਨਿੱਚਰਵਾਰ ਨੂੰ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਤੇ ਘੱਟੋਂ ਘੱਟ ਤਾਪਮਾਨ 7 ਡਿਗਰੀ ਦਰਜ ਕੀਤਾ ਗਿਆ। ਸ਼ਹਿਰ ਵਿੱਚ ਲੋਕਾਂ ਨੂੰ ਠੰਢ ਨੇ ਤਾਂ ਪ੍ਰੇਸ਼ਾਨ ਕੀਤਾ, ਪਰ ਨਾਲ ਹੀ ਸੰਘਣੀ ਧੁੰਦ ਨੇ ਲੋਕਾਂ ਨੂੰ ਵੱਧ ਪ੍ਰੇਸ਼ਾਨੀ ਵਿੱਚ ਪਾਇਆ ਹੈ। ਸ਼ਹਿਰ ਵਾਸੀ ਅੰਦਰੂਨੀ ਸੜਕਾਂ ’ਤੇ ਵੀ ਧੁੰਦ ਕਾਰਨ ਦੇਖਣ ਵਿੱਚ ਪ੍ਰੇਸ਼ਾਨ ਹੁੰਦੇ ਰਹੇ। ਧੁੰਦ ਕਾਰਨ ਸੜਕਾਂ ’ਤੇ ਆਵਾਜਾਈ ਵੀ ਘੱਟ ਰਹੀ ਤੇ ਬਾਜ਼ਾਰ ਵਿੱਚ ਰੌਣਕਾਂ ਗਾਇਬ ਹੋ ਗਈਆਂ।