ਟ੍ਰਿਬਿਊਨ ਨਿਊਜ਼ ਸਰਵਿਸਲੁਧਿਆਣਾ, 9 ਜਨਵਰੀਬਸਤੀ ਜੋਧਏਵਾ ਚੌਕ ਨੇੜੇ ਵੀਰਵਾਰ ਸਵੇਰੇ ਇੱਕ ਕਾਰ ਉਸਾਰੀ ਦੇ ਕੰਮ ਲਈ ਬਣੇ ਟੋਏ ਵਿੱਚ ਜਾ ਡਿੱਗੀ। ਇਸ ਮਗਰੋਂ ਕਾਰ ਸਵਾਰ ਤਿੰਨ ਵਿਅਕਤੀਆਂ ਮੁਸ਼ੱਕਤ ਕਰਕੇ ਕਾਰ ’ਚੋਂ ਬਾਹਰ ਨਿਕਲੇ ਤੇ ਆਪਣੀ ਜਾਨ ਬਚਾਈ। ਹਾਦਸਾ ਵਾਪਰਨ ’ਤੇ ਕਾਰ ਸਵਾਰ ਵਿਅਕਤੀਆਂ ਨੇ ਰੌਲਾ ਪਾਇਆ, ਜਿਸ ਮਗਰੋਂ ਰਾਹਗੀਰਾਂ ਨੇ ਉਨ੍ਹਾਂ ਦੀ ਬਾਹਰ ਨਿਕਲਣ ਵਿੱਚ ਮਦਦ ਕੀਤੀ। ਇਸ ਮਗਰੋਂ ਕੁਝ ਸਮੇਂ ਬਾਅਦ ਕਰੇਨ ਦੀ ਮਦਦ ਨਾਲ ਗੱਡੀ ਨੂੰ ਸਿੱਧਾ ਕੀਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਬਸਤੀ ਜੋਧੇਵਾਲ ਨੇੜੇ ਹਾਈਵੇਅ ’ਤੇ ਕੁਝ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਸੜਕ ਦੇ ਇੱਕ ਪਾਸੇ ਟੋਏ ਪੁੱਟੇ ਗਏ ਹਨ। ਕੁਝ ਦਿਨਾਂ ਤੋਂ ਸੰਘਣੀ ਧੁੰਦ ਛਾਈ ਹੋਈ ਹੈ ਤੇ ਦਿਖਣ ਸਮਰੱਥਾ ਘੱਟ ਹੋਣ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਵੀਰਵਾਰ ਸਵੇਰੇ ਲੁਧਿਆਣਾ ਤੋਂ ਜਲੰਧਰ ਜਾ ਰਹੀ ਇੱਕ ਮਹਿੰਦਰਾ ਕਾਰ ਇਨ੍ਹਾਂ ’ਚੋਂ ਇੱਕ ਟੋਏ ਵਿੱਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਣ ਮਗਰੋਂ ਪੀਸੀਆਰ ਮੁਲਾਜ਼ਮ ਵੀ ਉੱਥੇ ਪਹੁੰਚੇ। ਲੋਕਾਂ ਨੇ ਕਿਹਾ ਕਿ ਇਥੇ ਕੋਈ ਰਿਫ਼ਲੈਕਟਰ ਨਾ ਲੱਗਿਆ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ ਤੇ ਪਹਿਲਾਂ ਵੀ ਧੁੰਦ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਹਰ ਰੋਜ਼ ਟਰੈਫਿਕ ਪੁਲੀਸ ਵੱਲੋਂ ਹਾਦਸੇ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਨਾਕਾ ਲਾਇਆ ਜਾਂਦਾ ਹੈ ਪਰ ਪੁਲੀਸ ਇੱਥੇ ਰਿਫਲੈਕਟਰ ਨਹੀਂ ਲਗਾ ਰਹੀ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਈਵੇਅ ’ਤੇ ਰਿਫਲੈਕਟਰ ਲਗਾਏ ਜਾਣ।