ਟ੍ਰਿਬਿਊਨ ਨਿਊਜ਼ ਸਰਵਿਸਲੁਧਿਆਣਾ, 9 ਜਨਵਰੀਦਿੱਲੀ ਵਿੱਚ ਹੋਈ 13ਵੀਂ ਨੈਸ਼ਨਲ ਡਰੈਗਨ ਬੋਟ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀ ਪੰਜਾਬ ਪਰਤਦੇ ਹੀ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ਼ੁਰੂ ਕੀਤੀ ਗਈ ਬੁੱਢੇ ਦਰਿਆ ਦੀ ਕਾਰ ਸੇਵਾ ਵਿੱਚ ਹਿੱਸਾ ਲੈਣ ਲਈ ਪੁੱਜੇ। ਇਨ੍ਹਾਂ ਖਿਡਾਰੀਆਂ ਨੇ ਗੁਰਦੁਆਰਾ ਗਊਘਾਟ ਨੇੜੇ ਪੰਪਿੰਗ ਸਟੇਸ਼ਨ ਦੇ ਬਦਲਵੇਂ ਪ੍ਰਬੰਧਾਂ ਲਈ ਚੱਲ ਰਹੇ ਕੰਮ ਵਿੱਚ ਹੱਥੀ ਸੇਵਾ ਕਰਦਿਆਂ ਮਿੱਟੀ ਦੀਆਂ ਬੋਰੀਆਂ ਭਰੀਆਂ।ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਕੋਚ ਅਮਨਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਸਥਿਤ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਦੇ ਇਨ੍ਹਾਂ ਖਿਡਾਰੀਆਂ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਹੋਈ ਨੈਸ਼ਨਲ ਡਰੈਗਨ ਬੋਟ ਚੈਂਪੀਅਨਸ਼ਿਪ ਵਿੱਚ ਦੋ ਸੋਨ, ਚਾਰ ਚਾਂਦੀ ਅਤੇ ਪੰਜ ਕਾਂਸੀ ਦੇ ਤਗ਼ਮੇ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਬੱਚੇ ਸੰਤ ਸੀਚੇਵਾਲ ਵੱਲੋਂ ਚਲਾਈ ਜਾ ਰਹੀ ਬੁੱਢੇ ਦਰਿਆ ਦੀ ਕਾਰ ਸੇਵਾ ਵਿੱਚ ਹਿੱਸਾ ਲੈਣਾ ਚਾਹੁੰਦੇ ਸਨ ਅਤੇ ਦਿੱਲੀ ਤੋਂ ਵਾਪਸ ਆਉਂਦੇ ਹੀ ਇਸ ਸੇਵਾ ਵਿੱਚ ਸ਼ਾਮਲ ਹੋ ਗਏ।ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਮਿਹਨਤ ਅਤੇ ਲਗਨ ਦਾ ਫਲ ਹੈ। ਉਨ੍ਹਾਂ ਕਿਹਾ ਪੇਂਡੂ ਖੇਤਰਾਂ ਵਿੱਚ ਬਹੁਤ ਹੁਨਰ ਹੈ, ਜੋ ਮੌਕੇ ਦੀ ਘਾਟ ਕਾਰਨ ਲੁਕਿਆ ਰਹਿ ਜਾਂਦਾ ਹੈ। ਇਸ ਕੇਂਦਰ ਦੀ ਸਥਾਪਨਾ 2014 ਵਿੱਚ ਪਵਿੱਤਰ ਵੇਈਂ ਕੰਢੇ ਬੱਚਿਆਂ ਨੂੰ ਪਾਣੀ ਵਾਲਿਆਂ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਸੈਂਟਰ ਦੇ ਖਿਡਾਰੀਆਂ ਨੇ ਕਈ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਤਗ਼ਮੇ ਜਿੱਤੇ ਹਨ।