ਸੰਗਰੂਰ ਰੇਲਵੇ ਸਟੇਸ਼ਨ ’ਤੇ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ
ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਮਈ
ਸੰਗਰੂਰ ਰੇਲਵੇ ਸਟੇਸ਼ਨ ’ਤੇ ਅੱਜ ਗੌਰਮਿੰਟ ਰੇਲਵੇ ਪੁਲੀਸ ਅਤੇ ਪੰਜਾਬ ਪੁਲੀਸ ਵਲੋਂ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਰਚ ਅਪਰੇਸ਼ਨ ਚਲਾਇਆ ਗਿਆ ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਰੇਲਵੇ ਸਟੇਸ਼ਨ ’ਤੇ ਪੁੱਜ ਰਹੀਆਂ ਰੇਲ ਗੱਡੀਆਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਪੁਲੀਸ ਵਲੋਂ ਸਰਚ ਅਪਰੇਸ਼ਨ ਦੌਰਾਨ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਅਤੇ ਰੇਲ ਗੱਡੀ ’ਚੋਂ ਸਟੇਸ਼ਨ ’ਤੇ ਉਤਰਨ ਵਾਲੇ ਯਾਤਰੀਆਂ ਦੀ ਸ਼ਨਾਖ਼ਤ ਵੀ ਕੀਤੀ ਗਈ। ਸਰਚ ਅਪਰੇਸ਼ਨ ਦੀ ਅਗਵਾਈ ਸੁਖਦੇਵ ਸਿੰਘ ਡੀਐੱਸਪੀ ਆਰ ਸੰਗਰੂਰ ਅਤੇ ਜੋਗਿੰਦਰ ਸਿੰਘ ਡੀਐੱਸਪੀ ਗੌਰਮਿੰੰਟ ਰੇਲਵੇ ਪੁਲੀਸ ਵਲੋਂ ਕੀਤੀ ਗਈ। ਸਰਚ ਅਪਰੇਸ਼ਨ ਵਿਚ ਪੰਜਾਬ ਪੁਲੀਸ ਅਤੇ ਰੇਲਵੇ ਪੁਲੀਸ ਦੇ ਵੱਡੀ ਤਾਦਾਦ ’ਚ ਮੁਲਾਜ਼ਮ ਸ਼ਾਮਲ ਸਨ। ਰੇਲਵੇ ਸਟੇਸ਼ਨ ’ਤੇ ਮੌਜੂਦ ਯਾਤਰੀਆਂ ਦੇ ਸਾਮਾਨ ਦੀ ਪੁਲੀਸ ਵਲੋਂ ਤਲਾਸ਼ੀ ਲਈ ਗਈ ਅਤੇ ਸਟੇਸ਼ਨ ਕੰਪਲੈਕਸ ਨੂੰ ਚੈਕਿੰਗ ਕੀਤਾ ਗਿਆ। ਚੈਕਿੰਗ ਦੌਰਾਨ ਸੂਹੀਆ ਕੁੱਤਿਆਂ ਦੀਆਂ ਸੇਵਾਵਾਂ ਵੀ ਲਈਆਂ ਗਈਆਂ। ਇਸ ਦੌਰਾਨ ਦਿੱਲੀ ਤੋਂ ਲੁਧਿਆਣਾ ਜਾ ਰਹੀ ਟਰੇਨ ਦੀ ਸਟੇਸ਼ਨ ਉਪਰ ਰੁਕਣ ’ਤੇ ਵਿਸ਼ੇਸ਼ ਚੈਕਿੰਗ ਕੀਤੀ ਗਈ। ਜਿਉਂ ਹੀ ਟਰੇਨ ਰੁਕੀ ਤਾਂ ਪੁਲੀਸ ਦੀਆਂ ਵੱਖ-ਵੱਖ ਟੀਮਾਂ ਟਰੇਨ ਵਿਚ ਚੜ੍ਹ ਗਈਆਂ ਅਤੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਡੀਐੱਸਪੀ ਆਰ ਸੰਗਰੂਰ ਅਤੇ ਜੋਗਿੰਦਰ ਸਿੰਘ ਡੀਐੱਸਪੀ ਗੌਰਮਿੰੰਟ ਰੇਲਵੇ ਪੁਲੀਸ ਨੇ ਦੱਸਿਆ ਕਿ ਸੰਗਰੂਰ ਰੇਲਵੇ ਸਟੇਸ਼ਨ ਨੂੰ ਪੁਲੀਸ ਵਲੋਂ ਪੂਰੀ ਤਰਾਂ ਕਵਰ ਕਰਕੇ ਚੈਕਿੰਗ ਕੀਤੀ ਗਈ ਹੈ। ਗੱਡੀਆਂ ’ਚੋ ਉਤਰ ਰਹੇ ਯਾਤਰੀਆਂ ਦੀ ਬਾਰੀਕੀ ਨਾਲ ਚੈਕਿੰਗ ਕਰਦਿਆਂ ਸ਼ਨਾਖ਼ਤ ਵੀ ਕੀਤੀ ਗਈ ਤਾਂ ਜੋ ਕੋਈ ਗਲਤ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ। ਉਨ੍ਹਾਂ ਦੱਸਿਆ ਕਿ ਸਰਚ ਅਪਰੇਸ਼ਨ ਦਾ ਮੁੱਖ ਉਦੇਸ਼ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਯਕੀਨੀ ਬਣਾਉਣਾ ਹੈ ਤਾਂ ਜੋ ਲੋਕ ਬਿਨ੍ਹਾਂ ਕਿਸੇ ਡਰ ਭੈਅ ਤੋਂ ਸਫ਼ਰ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਸਰਚ ਅਪਰੇਸ਼ਨ ਤੋਂ ਇਲਾਵਾ ਰੇਲਵੇ ਪੁਲੀਸ ਅਤੇ ਰੇਲਵੇ ਪ੍ਰੋਟਕਸ਼ਨ ਫੋਰਸ ਵਲੋਂ ਨਾਈਟ ਚੈਕਿੰਗ ਵੀ ਜਾਰੀ ਹੈ। ਚੈਕਿੰਗ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪੰਜਾਬ ਪੁਲੀਸ ਅਤੇ ਰੇਲਵੇ ਪੁਲੀਸ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਹਾਜ਼ਰ ਹੈ। ਉਨ੍ਹਾਂ ਦੱਸਿਆ ਕਿ ਇਹ ਚੈਕਿੰਗ ਪਹਿਲਾਂ ਵੀ ਅਕਸਰ ਚਲਦੀ ਰਹਿੰਦੀ ਹੈ ਅਤੇ ਅੱਗੇ ਵੀ ਲਗਾਤਾਰ ਜਾਰੀ ਰਹੇਗੀ। ਚੈਕਿੰਗ ਦੌਰਾਨ ਥਾਣਾ ਗੌਰਮਿੰਟ ਰੇਲਵੇ ਪੁਲੀਸ ਸੰਗਰੂਰ ਦੇ ਐੱਸਐੱਚਓ ਹਰਵਿੰਦਰ ਸਿੰਘ, ਥਾਣਾ ਸਿਟੀ-1 ਸੰਗਰੂਰ ਦੇ ਐੱਸਐੱਚਓ ਤੋਂ ਇਲਾਵਾ ਇੰਸਪੈਕਟਰ, ਸਬ ਇੰਸਪੈਕਟਰ ਅਤੇ ਹੋਰ ਮੁਲਾਜ਼ਮ ਸ਼ਾਮਲ ਸਨ।