ਸੜਕ ਹਾਦਸੇ ਵਿੱਚ ਵਿਦਿਆਰਥੀ ਦੀ ਮੌਤ
ਪੱਤਰ ਪ੍ਰੇਰਕ
ਗੜ੍ਹਸ਼ੰਕਰ, 6 ਫਰਵਰੀ
ਸਥਾਨਕ ਚੰਡੀਗੜ੍ਹ ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਸਥਿਤ ਪਿੰਡ ਬੱਢੋਆਣ ਸਰਦੁੱਲਾਪੁਰ ਕੋਲ ਅੱਜ ਸਵੇਰੇ ਸਕੂਲ ਪੜ੍ਹਨ ਲਈ ਮੋਟਰਸਾਈਕਲ ‘ਤੇ ਜਾ ਰਹੇ ਵਿਦਿਆਰਥੀ ਦੀ ਭਾਰ ਢੋਣ ਵਾਲੀ ਗੱਡੀ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ। ਵਿਦਿਆਰਥੀ ਦੀ ਪਛਾਣ ਪ੍ਰਿੰਸ ਚੌਧਰੀ ਪੁੱਤਰ ਕਮਲਜੀਤ ਸਿੰਘ ਵਾਸੀ ਰਾਮ ਪੁਰ ਬਿਲੜੋਂ ਵਜੋਂ ਹੋਈ ਹੈ ਜੋ ਕਿ ਦੋਆਬਾ ਪਬਲਿਕ ਸਕੂਲ ਦੋਹਲਰੋਂ ਵਿੱਚ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ। ਵਿਦਿਆਰਥੀ ਦੀ ਮੌਤ ਦੀ ਖਬਰ ਸੁਣ ਕੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪ੍ਰਿੰਸ ਚੌਧਰੀ (16) ਆਪਣੇ ਮੋਟਰਸਾਈਕਲ ‘ਤੇ ਰੋਜ਼ਾਨਾ ਵਾਂਗ ਦੋਆਬਾ ਪਬਲਿਕ ਸਕੂਲ ਦੋਹਲਰੋਂ ਨੇੜੇ ਮਾਹਿਲਪੁਰ ਵੱਲ ਆ ਰਿਹਾ ਸੀ ਕਿ ਪਿੰਡ ਬੱਢੋਆਣ ਸਰਦੁੱਲਾਪੁਰ ਕੋਲ ਉਸ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਭਾਰ ਢੋਣ ਵਾਲੀ ਗੱਡੀ ਨੰਬਰ ਪੀਬੀ 08 ਸੀਐੱਚ 9895 ਨਾਲ ਟਕਰਾ ਗਿਆ। ਹਾਦਸੇ ਵਿੱਚ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਨਵਾਂਸ਼ਹਿਰ ਰੈਫਰ ਕਰ ਦਿੱਤਾ ਜਿੱਥੇ ਡਾਕਟਰਾਂ ਨੇ ਵਿਦਿਆਰਥੀ ਨੂੰ ਮ੍ਰਿਤਕ ਐਲਾਨ ਦਿੱਤਾ। ਸੈਲਾ ਖੁਰਦ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਫਗਵਾੜਾ (ਪੱਤਰ ਪ੍ਰੇਰਕ): ਜੀਟੀ ਰੋਡ ‘ਤੇ ਚੱਕਹਕੀਮ ਨੇੜੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਕਾਰਨ ਮੌਤ ਹੋ ਗਈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ (45) ਪੁੱਤਰ ਪ੍ਰੇਮਦਾਸ ਵਾਸੀ ਚੱਕਹਕੀਮ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਸਿੰਘ ਜੋ ਮੱਥਾ ਟੇਕਣ ਲਈ ਜਾ ਰਿਹਾ ਸੀ ਤੇ ਜਦੋਂ ਉਹ ਸੜਕ ਪਾਰ ਕਰਨ ਲੱਗਿਆ ਤਾਂ ਕਿਸੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਤੇ ਵਾਹਨ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਨਸ਼ੇ ਨਾਲ ਟੱਲੀ ਕਾਰ ਚਾਲਕ ਨੇ ਸਾਹਮਣੇ ਆ ਰਹੀ ਕਾਰ ਨੂੰ ਮਾਰੀ ਟੱਕਰ
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਜੀਟੀ ਰੋਡ ਤੋਂ ਜੰਡਿਆਲਾ ਗੁਰੂ ਸ਼ਹਿਰ ਨੂੰ ਆਉਂਦੀ ਸਰਾਂ ਉੱਪਰ ਅੱਜ ਦੁਪਹਿਰ ਸਮੇਂ ਦੋ ਕਾਰਾਂ ਦੀ ਟੱਕਰ ਹੋ ਗਈ।ਕਾਰ ਦੇ ਮਾਲਕ ਭੋਲਾ ਵਾਸੀ ਖੇਲਾਨੇ ਦੱਸਿਆ ਉਹ ਆਪਣੀ ਕਾਰ ਪੀਬੀ 02 ਬੀਡੀ 0536 ‘ਤੇ ਆਪਣੀ ਭਾਣਜੀ ਅਤੇ ਜੀਜੇ ਦੇ ਨਾਲ ਜੰਡਿਆਲਾ ਗੁਰੂ ਵਿੱਚ ਕੁਝ ਖਰੀਦਦਾਰੀ ਕਰਨ ਲਈ ਆ ਰਿਹਾ ਸੀ ਅਤੇ ਜਦੋਂ ਉਹ ਸਰਾਏ ਰੋਡ ਤੇ ਸਥਿਤ ਪਿੰਡ ਦੇ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਪੀਬੀ 11 ਬੀਐੱਮ 2882 ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਉਸ ਨੇ ਦੱਸਿਆ ਕਿ ਹਾਦਸੇ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਭੋਲਾ ਨੇ ਦੱਸਿਆ ਸਵਿਫਟ ਕਾਰ ਦਾ ਡਰਾਈਵਰ ਪੂਰੀ ਤਰ੍ਹਾਂ ਨਸ਼ੇ ਵਿੱਚ ਸੀ ਅਤੇ ਉਸ ਕੋਲ ਭਾਰੀ ਮਾਤਰਾ ਵਿੱਚ ਨਸ਼ਾ ਤੇ ਸਰਿੰਜਾਂ ਵੀ ਮੌਜੂਦ ਸਨ। ਉਸ ਨੇ ਕਿਹਾ ਕਿ ਘਟਨਾ ਮੌਕੇ ਕਾਰ ਚਾਲਕ ਦੇ ਸਮਰਥਕਾਂ ਨੇ ਉਸ ਦੇ ਪਰਿਵਾਰ ਅਤੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਅਤੇ ਉੱਥੇ ਮੌਜੂਦ ਕੁਝ ਲੋਕਾਂ ਨੇ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਈ। ਜੰਡਿਆਲਾ ਗੁਰੂ ਪੁਲੀਸ ਵੱਲੋਂ ਦੋਵੇ ਕਾਰਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।