ਸੜਕ ਹਾਦਸੇ ਵਿੱਚ ਔਰਤ ਦੀ ਮੌਤ
ਫ਼ਤਹਿਗੜ੍ਹ ਪੰਜਤੂਰ, 21 ਦਸੰਬਰ
ਇੱਥੇ ਲੰਘੀ ਰਾਤ ਮੋਗਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਵਾਪਰੇ ਸੜਕ ਹਾਦਸੇ ਵਿੱਚ ਕਾਰ ਸਵਾਰ ਇੱਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਬੱਚਿਆਂ ਸਮੇਤ ਪੰਜ ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰੇ ਜ਼ਖਮੀਆਂ ਨੂੰ ਕੋਟ ਈਸੇ ਖਾਂ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਲੰਘੀ ਰਾਤ ਲਗਭਗ 8 ਵਜੇ ਦੇ ਕਰੀਬ ਨਜ਼ਦੀਕੀ ਪਿੰਡ ਬੋਗੇਵਾਲਾ ਦਾ ਇੱਕ ਪਰਿਵਾਰ ਮੱਖੂ ਵੱਲੋਂ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਕਾਰ ਨੰਬਰ (ਪੀ ਬੀ 08ਸੀ ਸੀ 5278) ਉਪਰ ਵਾਪਸ ਪਿੰਡ ਪਰਤ ਰਿਹਾ ਸੀ। ਜਦੋਂ ਉਨ੍ਹਾਂ ਦੀ ਕਾਰ ਪਿੰਡ ਬਘੇਲੇ ਵਾਲਾ ਨਜ਼ਦੀਕ ਪੁਲੀਸ ਚੌਂਕੀ ਪਾਸ ਪੁੱਜੀ ਤਾਂ ਅੱਗੇ ਜਾ ਰਹੀ ਲੱਕੜਾਂ ਦੀ ਭਰੀ ਟਰੈਕਟਰ ਟਰਾਲੀ ਨਾਲ ਜਾ ਟਕਰਾਈ। ਇਹ ਟੱਕਰ ਐਨੀ ਜਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀਆਂ ਨੂੰ ਨੇੜਲੇ ਘਰਾਂ ਦੇ ਲੋਕਾਂ ਨੇ ਜੱਦੋ-ਜਹਿਦ ਤੋਂ ਬਾਅਦ ਕਾਰ ਵਿੱਚੋਂ ਬਾਹਰ ਕੱਢਿਆ। ਕਾਰ ਸਵਾਰ ਸਿਮਰਨਜੀਤ ਕੌਰ (32) ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਚਾਲਕ ਮਨਪ੍ਰੀਤ ਸਿੰਘ, ਉਸਦੀ ਬਜ਼ੁਰਗ ਮਾਤਾ ਅਤੇ ਤਿੰਨ ਬੱਚਿਆਂ ਨੂੰ ਜ਼ਖਮੀ ਹਾਲਤ ਵਿੱਚ ਕੋਟ ਈਸੇ ਖਾਂ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਘੇਲੇਵਾਲਾ ਪੁਲੀਸ ਚੌਕੀ ਦੇ ਇੰਚਾਰਜ ਅਨਵਰ ਮਸੀਹ ਨੇ ਦੱਸਿਆ ਕਿ ਹਾਦਸਾਗ੍ਰਸਤ ਪਰਿਵਾਰ ਦੇ ਵਾਰਸਾਂ ਨੇ ਟਰੈਕਟਰ ਚਾਲਕ ਵਿਰੁੱਧ ਕੋਈ ਪੁਲੀਸ ਕਾਰਵਾਈ ਤੋਂ ਇਨਕਾਰ ਕਰਨ ਸਦਕਾ ਕੋਈ ਕਾਰਵਾਈ ਨਹੀਂ ਕੀਤੀ ਗਈ।