ਸੜਕ ਹਾਦਸੇ ਦੇ ਪੀੜਤਾਂ ਦੀ ਸਰਕਾਰੀ ਮਦਦ ਲਈ ਬੇਮਿਆਦੀ ਧਰਨਾ ਸ਼ੁਰੂ
ਸ਼ਗਨ ਕਟਾਰੀਆ
ਬਠਿੰਡਾ, 6 ਜਨਵਰੀ
ਟੋਹਾਣਾ ਵਿੱਚ 4 ਜਨਵਰੀ ਨੂੰ ‘ਕਿਸਾਨ ਮਹਾਪੰਚਾਇਤ’ ਵਿੱਚ ਸ਼ਾਮਲ ਹੋਣ ਜਾ ਰਹੀ ਬੱਸ ਦੇ ਰਸਤੇ ਵਿੱਚ ਦੁਰਘਟਨਾ ਗ੍ਰਸਤ ਹੋਣ ਕਾਰਨ ਫ਼ੌਤ ਹੋਈਆਂ ਤਿੰਨ ਔਰਤਾਂ ਅਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਦੁਆਉਣ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅੱਜ ਤੋਂ ਇੱਥੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਬੇਮਿਆਦੀ ਧਰਨੇ ’ਤੇ ਬੈਠ ਗਈ ਹੈ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ, ਜਗਦੇਵ ਸਿੰਘ ਜੋਗੇਵਾਲਾ ਅਤੇ ਹਰਿੰਦਰ ਕੌਰ ਬਿੰਦੂ ਨੇ ਸੜਕ ਹਾਦਸੇ ਬਾਰੇ ਸਰਕਾਰ ’ਤੇ ‘ਮੁਜ਼ਮਰਾਨਾ ਚੁੱਪ’ ਧਾਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦੁਰਘਟਨਾ ਦੇ ਦਿਨ ਬੀਤਣ ’ਤੇ ਵੀ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿ ਸਰਕਾਰ ਵੱਲੋਂ ਜ਼ਖ਼ਮੀਆਂ ਨੂੰ ਫੌਰੀ ਮੁਫ਼ਤ ਸਿਹਤ ਸਹੂਲਤ ਦੇਣ ਦੀ ਬਜਾਏ ਥਾਂ ‘ਫਰਿਸ਼ਤਾ ਸਕੀਮ’ ਅਪਣਾਈ ਗਈ ਹੈ, ਜਿਸ ਕਾਰਨ ਮਰੀਜ਼ਾਂ ਨੂੰ ਤਕਨੀਕੀ ਦਿੱਕਤਾਂ ਆ ਰਹੀਆਂ ਹਨ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਾਦਸੇ ’ਚ ਫ਼ੌਤ ਹੋਈਆਂ ਤਿੰਨ ਔਰਤਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਨਕਦ ਅਤੇ ਇੱਕ ਪਰਿਵਾਰ ’ਚੋਂ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ। ਗੰਭੀਰ ਜ਼ਖ਼ਮੀਆਂ ਲਈ 5-5 ਲੱਖ ਰੁਪਏ ਅਤੇ ਘੱਟ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਦੀ ਨਕਦ ਸਹਾਇਤਾ ਰਾਸ਼ੀ ਤੋਂ ਇਲਾਵਾ ਇਨ੍ਹਾਂ ਜ਼ਖ਼ਮੀਆਂ ਦਾ ਇਲਾਜ ਮਾਹਿਰ ਡਾਕਟਰਾਂ ਪਾਸੋਂ ਸਰਕਾਰੀ ਖਰਚੇ ’ਤੇ ਕਰਵਾਇਆ ਜਾਵੇ। ਧਰਨੇ ਵਿੱਚ ਫ਼ੌਤ ਹੋਈਆਂ ਪਿੰਡ ਕੋਠਾ ਗੁਰੂ ਦੀਆਂ ਤਿੰਨਾਂ ਔਰਤਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ।
ੀਕੇਯੂ ਉਗਰਾਹਾਂ ਵੱਲੋਂ ਬਰਨਾਲਾ ਦੇ ਡੀਸੀ ਦਫ਼ਤਰ ਅੱਗੇ ਮੋਰਚਾ ਸ਼ੁਰੂ
ਬਰਨਾਲਾ(ਪਰਸ਼ੋਤਮ ਬੱਲੀ): ਸੰਯੁਕਤ ਕਿਸਾਨ ਮੋਰਚੇ ਦੀ ਟੋਹਾਣਾ ਮਹਾਪੰਚਾਇਤ ’ਚ ਸ਼ਾਮਲ ਹੋਣ ਜਾਂਦੇ ਬੀਕੇਯੂ ਏਕਤਾ ਉਗਰਾਹਾਂ ਦੇ ਕਾਰਕੁਨਾਂ ਨਾਲ ਭਰੀ ਬਰਨਾਲਾ ਨੇੜੇ ਹਾਦਸਾਗ੍ਰਸਤ ਹੋਈ ਬੱਸ ’ਚ ਸ਼ਹੀਦ ਹੋਈਆਂ ਤਿੰਨ ਔਰਤਾਂ ਤੇ ਸਮੂਹ ਜ਼ਖ਼ਮੀਆਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈਕੇ ਡੀਸੀ ਦਫ਼ਤਰ ਬਰਨਾਲਾ ਅੱਗੇ ਦਿਨ ਰਾਤ ਦਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਜਿਸ ਦੀ ਬੀਕੇਯੂ ਡਕੌਂਦਾ ਧਨੇਰ ਨੇ ਵੀ ਹਮਾਇਤ ਕੀਤੀ ਗਈ ਹੈ। ਬੁਲਾਰਿਆਂ ’ਚ ਸ਼ਾਮਲ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਦਰਸ਼ਨ ਸਿੰਘ ਭੈਣੀ, ਬੀਕੇਯੂ ਡਕੌਂਦਾ ਧਨੇਰ ਦੇ ਜ਼ਿਲ੍ਹਾ ਜਨਰਲ ਸਕੱਤਰ ਸਾਹਿਬ ਸਿੰਘ ਬਡਬਰ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਛੰਨਾ ਤੇ ਜ਼ਿਲ੍ਹਾ ਔਰਤ ਕਨਵੀਨਰ ਕਮਲਜੀਤ ਕੌਰ ਬਰਨਾਲਾ ਨੇ ਕਿਹਾ ਕਿ ਹਾਦਸੇ ’ਚ ਸ਼ਹੀਦ ਹੋਈਆਂ ਤਿੰਨ ਕਿਸਾਨ ਔਰਤਾਂ ਦੇ ਪੀੜਤ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਦੇਣ ਲਈ ਤਿਆਰ ਨਹੀਂ। ਆਗੂਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਗੰਭੀਰ ਜ਼ਖਮੀਆਂ ਨੂੰ ਮਾਮੂਲੀ ਜ਼ਖ਼ਮੀ ਦੱਸ ਕੇ ਜਬਰੀ ਛੁੱਟੀ ਦੇਣ ਵਰਗੇ ਮਾਮਲੇ ਵੀ ਸਾਹਮਣੇ ਆਏ ਹਨ।