ਸੜਕ ਹਾਦਸਿਆਂ ਵਿੱਚ ਤਿੰਨ ਹਲਾਕ, ਅੱਧੀ ਦਰਜਨ ਤੋਂ ਵੱਧ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 9 ਦਸੰਬਰ
ਸਰਹਿੰਦ ਨੇੜੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਦੋਂਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਮੁਹੰਮਦ ਲੱਡੂ ਵਜੋਂ ਹੋਈ ਹੈ। ਮੁਹੰਮਦ ਤੌਕੀਦ ਪੁੱਤਰ ਮੁਹੰਮਦ ਮਹਿਬੂਲ ਵਾਸੀ ਨੇੜੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਭਰਾ ਮੁਹੰਮਦ ਲੱਡੂ ਤੇ ਸੈਫ ਅਲੀ ਪੁੱਤਰ ਮੁਹੰਮਦ ਹਾਸਿਮ ਵਾਸੀ ਫਤਹਿਗੜ੍ਹ ਸਾਹਿਬ ਮੋਟਰਸਾਈਕਲ ’ਤੇ ਸਾਧੂਗੜ੍ਹ ਕੰਮ ਦੀ ਭਾਲ ਵਿੱਚ ਗਏ ਸਨ। ਜਦੋਂ ਉਹ ਪਰਤ ਰਹੇ ਸਨ ਤਾਂ ਚਾਵਲਾ ਚੌਕ ਸਰਹਿੰਦ ਨਜ਼ਦੀਕ ਬੱਸ ਨੇ ਉਨ੍ਹਾਂ ਨੂੰ ਟੱਕਰ ਮਾ ਦਿੱਤੀ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮੁਹੰਮਦ ਲੱਡੂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਰਹੰਦ ਦੇ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
ਰੂਪਨਗਰ (ਪੱਤਰ ਪ੍ਰੇਰਕ): ਪਿੰਡ ਖੁਆਸਪੁਰਾ ਦੇ ਪਟਰੋਲ ਪੰਪ ਨੇੜੇ ਬੀਤੀ ਰਾਤ ਇੱਕ ਆਈ-20 ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਵਾਪਰੇ ਹਾਦਸੇ ਮਗਰੋਂ ਕਾਰ ਚਾਲਕ ਦੀ ਮੌਤ ਹੋ ਗਈ, ਜਦੋਂਕਿ ਦੋ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਕਾਰ ਵਿੱਚ ਸਵਾਰ ਤਿੰਨ ਵਿਅਕਤੀ ਮਨੀਕਰਨ ਜਾ ਰਹੇ ਸਨ। ਜਦੋਂ ਉਹ ਕੌਮੀ ਮਾਰਗ ’ਤੇ ਖੁਆਸਪੁਰਾ ਵਿਖੇ ਸਥਿਤ ਪਟਰੋਲ ਪੰਪ ਸਾਹਮਣੇ ਪੁੱਜੇ ਤਾਂ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਤਾਕੀ ਖੁੱਲ੍ਹਣ ਕਾਰਨ ਚਾਲਕ ਕਾਰ ਤੋਂ ਬਾਹਰ ਡਿੱਗ ਗਿਆ ਅਤੇ ਪਿੱਛੋਂ ਆਏ ਅਣਪਛਾਤੇ ਵਾਹਨ ਨੇ ਉਸ ਨੂੰ ਕੁਚਲ ਦਿੱਤਾ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਦ ਸਾਗਰ ਰਾਣਾ (26) ਪੁੱਤਰ ਕਰਨ ਰਾਣਾ ਵਾਸੀ ਗਾਜ਼ੀਆਬਾਦ (ਯੂਪੀ) ਵਜੋਂ ਹੋਈ ਹੈ।
ਲਾਲੜੂ (ਸਰਬਜੀਤ ਸਿੰਘ ਭੱਟੀ): ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਦੱਪਰ ਟੌਲ ਪਲਾਜ਼ਾ ਤੋਂ ਪਹਿਲਾਂ ਲੈਹਲੀ ਚੌਕ ਨੇੜੇ ਖੜ੍ਹੇ ਟਰੱਕ ਨੂੰ ਮਹਿੰਦਰਾ ਪਿਕਅੱਪ ਨੇ ਟੱਕਰ ਮਾਰ ਦਿੱਤੀ। ਇਸ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਡੇਰਾਬੱਸੀ ਸਿਵਲ ਹਸਪਤਾਲ ਤੋਂ ਜੀਐੱਮ ਸੀਐੱਚ-32 ਚੰਡੀਗੜ੍ਹ ਲਈ ਰੈਫਰ ਕੀਤਾ ਗਿਆ। ਮ੍ਰਿਤਕ ਦੀ ਪਛਾਣ ਜਸਵੀਰ ਸਿੰਘ (31) ਵਾਸੀ ਡੇਰਾਬਸੀ ਵਜੋਂ ਹੋਈ। ਪੁਲੀਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਲਾਲੜੂ ਨੇੜੇ ਜੇਸੀਬੀਐਲ ਕੋਚ ਫੈਕਟਰੀ ਨੇੜੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ’ਚ ਆਉਣ ਕਾਰਨ ਸੜਕ ਪਾਰ ਕਰਨ ਲਈ ਖੜ੍ਹੇ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰੀਓਮ (50) ਵਾਸੀ ਯੂਪੀ ਵਜੋਂ ਹੋਈ।