ਸੌ ਮੀਟਰ ਦੌੜ ਵਿੱਚੋਂ ਮੀਨਾਕਸ਼ੀ ਅੱਵਲ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 11 ਜਨਵਰੀ
ਪਿੰਡ ਰਾਮ ਸ਼ਰਨ ਦੀ ਸਰਪੰਚ ਰੀਨਾ ਸੈਣੀ ਨੇ ਮਹਿਲਾ ਬਾਲ ਵਿਕਾਸ ਵਿਭਾਗ ਦੀ ਅਧਿਕਾਰੀ ਨਿਰਮਲਾ ਰਾਣੀ ਦੀ ਅਗਵਾਈ ਹੇਠ ਰਾਮ ਸਰਨ ਮਾਜਰਾ ਵਿਚ ਕਰਵਾਏ ਗਏ ਬਲਾਕ ਪੱਧਰੀ ਪੇਂਡੂ ਮਹਿਲਾ ਖੇਡ ਮੁਕਾਬਲਿਆਂ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਮੁਕਾਬਲਿਆਂ ਵਿਚ ਬਲਾਕ ਬਾਬੈਨ ਦੀਆਂ ਕਈ ਔਰਤਾਂ ਨੇ ਹਿੱਸਾ ਲਿਆ। ਇਸ ਮੌਕੇ ਕਰਵਾਈਆਂ ਖੇਡਾਂ ਵਿਚ ਮਿਊਜ਼ੀਕਲ ਚੇਅਰ ਵਿਚ ਰੇਖਾ ਰਾਣੀ ਨੇ ਪਹਿਲਾ, ਸੋਨੀਆ ਨੇ ਦੂਜਾ ਤੇ ਸਵਿਤਾ ਨੇ ਤੀਜਾ ਸਥਾਨ ਲਿਆ। ਡਿਸਕਸ ਥਰੋਅ ਵਿੱਚ ਸੰਤਰਾ ਨੇ ਪਹਿਲਾ, ਮੇਨਕਾ ਨੇ ਦੂਜਾ ਤੇ ਮਮਤੇਸ ਨੇ ਤੀਜਾ ਸਥਾਨ ਮੱਲਿਆ।
100 ਮੀਟਰ ਦੀ ਦੌੜ ਵਿਚ ਮੀਨਾਕਸ਼ੀ ਨੇ ਪਹਿਲਾ, ਕੁਸਮ ਲਤਾ ਨੇ ਦੂਜਾ ਤੇ ਸੁਨੀਤਾ ਨੇ ਤੀਜਾ, 300 ਮੀਟਰ ਦੀ ਦੌੜ ਵਿਚ ਪਾਇਲ ਨੇ ਪਹਿਲਾ, ਤਮੰਨਾ ਨੇ ਦੂਜਾ, ਜਸ਼ਨ ਕੌਰ ਨੇ ਤੀਜਾ ਸਥਾਨ ਲਿਆ। 400 ਮੀਟਰ ਦੀ ਦੌੜ ਵਿੱਚ ਮਨੂੰ ਨੇ ਪਹਿਲਾ, ਪ੍ਰੀਤੀ ਨੇ ਦੂਜਾ ਤੇ ਮੁਸਕਾਨ ਨੇ ਤੀਜਾ ਸਥਾਨ ਲਿਆ। ਪੰਜ ਕਿੱਲੋਮੀਟਰ ਦੀ ਸਾਈਕਲ ਦੌੜ ਵਿੱਚ ਰਿੱਤੂ ਨੇ ਪਹਿਲਾ, ਰੀਨਾ ਨੇ ਦੂਜਾ ਤੇ ਅੰਜਲੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਰਪੰਚ ਰੀਨਾ ਸੈਣੀ ਨੇ ਕਿਹਾ ਕਿ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਖੇਡਾਂ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ ਨਾ ਸਿਰਫ ਮਾਨਸਿਕ ਤੇ ਬੌਧਿਕ ਤੌਰ ’ਤੇ ਹੋਰਾਂ ਨਾਲੋਂ ਤੰਦਰਸੁਤ ਰਹਿੰਦੀਆਂ ਹਨ ,ਸਗੋਂ ਉਹ ਮਾਨਸਿਕ ਤਣਾਅ ਤੋਂ ਵੀ ਦੂਰ ਰਹਿੰਦੀਆਂ ਹਨ। ਜੇਤੂਆਂ ਨੂੰ ਸਰਪੰਚ ਰੀਨਾ ਸੈਣੀ, ਸੀਡੀਪੀਓ ਨਿਰਮਲਾ ਰਾਣੀ ਤੇ ਸੁਪਰਵਾਈਜਰ ਪੁਸ਼ਪਾ ਦੇਵੀ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।